ਨਵੀਂ ਦਿੱਲੀ (ਪੱਤਰ ਪ੍ਰੇਰਕ): ਭਾਜਪਾ ਆਗੂ ਸੁਨੀਲ ਜਾਖੜ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਤੀ ਕੀਤੀ ਹੈ ਕਿ ਉਹ ਪੰਜਾਬ ਵਾਸੀਆਂ ਨੂੰ ਮਹਿੰਗਾਈ ਤੋਂ ਰਾਹਤ ਦਿਵਾਉਣ ਲਈ ਪੈਟਰੋਲ ਤੇ ਡੀਜ਼ਲ ਉਪਰ ਵੈਟ ਦੀਆਂ ਦਰਾਂ ਘਟਾਉਣ। ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਈਂਧਣ ਉਤਪਾਦਾਂ ਉਪਰ ਜਿਵੇਂ ਐਕਸਾਈਜ਼ ਡਿਊਟੀ ਘਟਾਈ ਹੈ, ਉਸੇ ਤਰਜ਼ ’ਤੇ ਪੰਜਾਬ ਵਿੱਚ ਵੈਟ ਘਟਾਇਆ ਜਾਵੇ। ਜਾਖੜ ਨੇ ਭਗਵੰਤ ਮਾਨ ਦਾ ਧੰਨਵਾਦ ਕੀਤਾ ਕਿ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਦੀ ਪੰਜਾਬ ਵਿੱਚ ਮੂੰਗੀ ਦੀ ਫਸਲ ਐੱਮਐੱਸਪੀ ਉਪਰ ਖਰੀਦਣ ਦੀ ਵਚਨਬੱਧਤਾ ਦੀ ਤਾਈਦ ਕੀਤੀ ਹੈ। ਸ੍ਰੀ ਜਾਖੜ ਨੇ ਇਸ ਬਾਬਤ ਟਵੀਟ ਵੀ ਕੀਤਾ। ਸ੍ਰੀ ਜਾਖੜ ਅੱਜਕੱਲ੍ਹ ਦਿੱਲੀ ਵਿੱਚ ਹਨ ਤੇ ਭਾਜਪਾ ਦੀਆਂ ਪੰਜਾਬ ਵਿੱਚ ਜੜ੍ਹਾਂ ਜਮਾਉਣ ਨੂੰ ਲੈ ਕੇ ਵਿਚਾਰ-ਵਟਾਂਦਰਾ ਕਰ ਰਹੇ ਹਨ। ਉਹ ਅੱਜ-ਭਲਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕਰ ਸਕਦੇ ਹਨ।