ਨਵੀਂ ਦਿੱਲੀ: ਦਿੱਲੀ ਪੁਲੀਸ ਨੇ ਪਿਛਲੇ ਸਾਲ ਦਸੰਬਰ ਵਿੱਚ ਨਾਗਰਿਕਤਾ (ਸੋਧ) ਐਕਟ ਖ਼ਿਲਾਫ਼ ਰੋਸ ਮੁਜ਼ਾਹਰਿਆਂ ਦੌਰਾਨ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਵਿੱਚ ਹੋਈ ਹਿੰਸਾ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਵਿੱਚ ਦਿੱਤੇ ਕੁਝ ਬਿਆਨਾਂ ’ਤੇ ਅੱਜ ਉਜਰ ਜਤਾਇਆ ਹੈ। ਦਿੱਲੀ ਪੁਲੀਸ ਵੱਲੋਂ ਪੇਸ਼ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਜਸਟਿਸ ਡੀ.ਐੱਨ.ਪਟੇਲ ਤੇ ਜਸਟਿਸ ਪ੍ਰਤੀਕ ਜਲਾਨ ਦੀ ਸ਼ਮੂਲੀਅਤ ਵਾਲੇ ਬੈਂਚ ਨੂੰ ਦੱਸਿਆ ਕਿ ਇਹ ਬਿਆਨ ਮੁਜ਼ਾਹਰੇ ਵਾਲੀ ਥਾਂ ਦਿੱਤੇ ਕਿਸੇ ਸਿਆਸੀ ਬਿਆਨ ਤੋਂ ਵੱਧ ਕੁਝ ਵੀ ਨਹੀਂ ਹਨ। ਮਹਿਤਾ ਨੇ ਇਸ ਮਾਮਲੇ ਵਿੱਚ ਇਕ ਪਟੀਸ਼ਨਰ (ਨਬੀਲਾ ਹਸਨ) ਵੱਲੋਂ ਦਾਖ਼ਲ ਜਵਾਬ ਦਾਅਵੇ ਦੇ ਕੁਝ ਪੈਰਿਆਂ ’ਚ ਵਰਤੀ ਸ਼ਬਦਾਵਲੀ ’ਤੇ ਸਖ਼ਤ ਇਤਰਾਜ਼ ਜਤਾਇਆ। ਬੈਂਚ ਨੇ ਹਸਨ ਦੇ ਵਕੀਲ ਨੂੰ ਪਟੀਸ਼ਨ ’ਚੋਂ ਇਤਰਾਜ਼ਯੋਗ ਟਿੱਪਣੀਆਂ ਹਟਾਉਣ ਬਾਰੇ ਕੋਈ ਫੈਸਲਾ ਲੈਣ ਲਈ ਕਿਹਾ ਹੈ। ਕੇਸ ਦੀ ਅਗਲੀ ਸੁਣਵਾਈ 13 ਜੁਲਾਈ ਨੂੰ ਹੋਵੇਗੀ। -ਪੀਟੀਆਈ