ਨਵੀਂ ਦਿੱਲੀ, 4 ਜੂਨ
ਮੁਸਲਿਮ ਜਥੇਬੰਦੀ ਜਮੀਅਤ ਉਲਮਾ-ਏ-ਹਿੰਦ ਨੇ ਪੂਜਾ ਅਸਥਾਨਾਂ (ਵਿਸ਼ੇਸ਼ ਧਾਰਾਵਾਂ) ਐਕਟ, 1991 ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦੇਣ ਵਾਲੀ ਬਕਾਇਆ ਪਈ ਪਟੀਸ਼ਨ ’ਚ ਦਖ਼ਲ ਦੇਣ ਲਈ ਸੁਪਰੀਮ ਕੋਰਟ ’ਚ ਅਰਜ਼ੀ ਦਿੱਤੀ ਹੈ। ਅਰਜ਼ੀ ’ਚ ਕਿਹਾ ਗਿਆ ਹੈ ਕਿ ਪਟੀਸ਼ਨਰ ਵਕੀਲ ਅਸ਼ਵਨੀ ਉਪਾਧਿਆਏ ਨੇ ਜਿਹੜੇ ਮੁੱਦੇ ਉਠਾਏ ਹਨ, ਉਹ ਪਹਿਲਾਂ ਹੀ ਸਿਖਰਲੀ ਅਦਾਲਤ ਦੇ ਸੰਵਿਧਾਨਕ ਬੈਂਚ ਵੱਲੋਂ ਵਿਚਾਰੇ ਜਾ ਚੁੱਕੇ ਹਨ ਅਤੇ ਉਨ੍ਹਾਂ ’ਤੇ ਫ਼ੈਸਲਾ ਦਿੱਤਾ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਹੈ ਕਿ ਜੇਕਰ ਪਟੀਸ਼ਨਰ ਦੇ ਦੋਸ਼ ਸਹੀ ਵੀ ਮੰਨ ਲਏ ਜਾਣ ਤਾਂ ਵੀ ਇਹ ਇਤਿਹਾਸਕ ਗਲਤੀਆਂ ਨੂੰ ਸੁਧਾਰਨ ਦੀ ਮੰਗ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ। ਅਰਜ਼ੀ ’ਚ ਕਿਹਾ ਗਿਆ ਹੈ,‘‘ਇਸ ਅਦਾਲਤ ਨੇ ਸਪੱਸ਼ਟ ਤੌਰ ’ਤੇ ਮੰਨਿਆ ਹੈ ਕਿ ਕਾਨੂੰਨ ਨੂੰ ਪੁਰਾਣੇ ਮਾਮਲਿਆਂ ਇਕ ਉਪਕਰਨ ਵਜੋਂ ਨਹੀਂ ਵਰਤਿਆ ਜਾ ਸਕਦਾ ਹੈ।’’ -ਪੀਟੀਆਈ