ਬਨਿਹਾਲ/ਜੰਮੂ, 9 ਅਕਤੂਬਰ
ਜੰਮੂੁ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਦੇ ਦੋ ਬਲਾਕਾਂ ਵਿੱਚ 50 ਸਰਪੰਚਾਂ ਤੇ ਪੰਚਾਂ ਵੱਲੋਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਸ਼ੁੱਕਰਵਾਰ ਨੂੰ ਸਮੂਹਿਕ ਤੌਰ ’ਤੇ ਅਸਤੀਫ਼ੇ ਦੇ ਦਿੱਤੇ ਗਏ ਹਨ। ਅੱਜ ਇਹ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਕੇਂਦਰੀ ਮੰਤਰੀਆਂ ਦੇ ਚੱਲ ਰਹੇ ਜਨਤਕ ਪ੍ਰੋਗਰਾਮਾਂ ਵਿੱਚ ਕਥਿਤ ਤੌਰ ’ਤੇ ਵਾਅਦੇ ਮੁਤਾਬਕ ਸ਼ਕਤੀਕਰਨ ਦੀ ਘਾਟ, ਬੇਲੋੜੀ ਦਖਲਅੰਦਾਜ਼ੀ ਅਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤੇ ਜਾਣ ਦੇ ਰੋਸ ਵਜੋਂ ਅਸਤੀਫ਼ੇ ਦਿੱਤੇ ਹਨ।
ਇਸੇ ਦੌਰਾਨ ਇਸ ਮੁੱਦੇ ਨੂੰ ਲੈ ਕੇ ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਨੇ ਭਾਜਪਾ ਸਰਕਾਰ ’ਤੇ ਹਮਲਾ ਕਰਦਿਆਂ ਕਿਹਾ, ‘ਕੇਂਦਰੀ ਸ਼ਾਸਿਤ ਪ੍ਰਦੇਸ਼ ਵਿੱਚ ਬਨਾਵਟੀ ਆਮ ਵਰਗੀ ਸਥਿਤੀ ਅਤੇ ਕੀਤੇ ਜਾ ਰਹੇ ਝੂਠੇ ਦਿਖਾਵੇ ਦੀ ਹਵਾ ਨਿਕਲ ਗਈ ਹੈ।’ ਹਾਲਾਂਕਿ ਅਧਿਕਾਰੀਆਂ ਨੇ ਕਿਹਾ ਕਿ ਜ਼ਿਲ੍ਹਾ ਪੰਚਾਇਤ ਅਧਿਕਾਰੀ ਅਸ਼ੋਕ ਸਿੰਘ ਨੇ ਰੋਸਜ਼ਦਾ ਲੋਕ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਜਲਦੀ ਹੀ ਬਣਦਾ ਮਾਣ-ਸਨਮਾਨ ਦੇਣ ਦੇ ਭਰੋਸਾ ਦਿੰਦਿਆਂ ਅਸਤੀਫ਼ੇ ਵਾਪਸ ਲੈਣ ਦੀ ਅਪੀਲ ਕੀਤੀ ਹੈ। ਅਧਿਕਾਰੀਆਂ ਮੁਤਾਬਕ ਬਨਿਹਾਲ ਅਤੇ ਰਮਸੂ ਬਲਾਕਾਂ ਨਾਲ ਸਬੰਧਤ ਲੱਗਪਗ 50 ਸਰਪੰਚਾਂ ਤੇ ਪੰਚਾਂ ਨੇ ਸ਼ੁੱਕਰਵਾਰ ਨੂੰ ਇੱਕ ਹੰਗਾਮੀ ਮਗਰੋਂ ਸਬੰਧਤ ਬਲਾਕ ਵਿਕਾਸ ਕੌਂਸਲ ਚੇਅਰਪਰਸਨ ਨੂੰ ਸਮੂਹਿਕ ਤੌਰ ’ਤੇ ਅਸਤੀਫ਼ੇ ਸੌਂਪ ਦਿੱਤੇ ਸਨ। -ਪੀਟੀਆਈ