ਜੰਮੂ, 20 ਦਸੰਬਰ
ਜੰਮੂ ਕਸ਼ਮੀਰ ਵਿੱਚ ਹੋਈਆਂ ਪੰਚ ਉਪ ਚੋਣਾਂ ਦੇ ਆਖ਼ਰੀ ਗੇੜ ਵਿੱਚ ਕਰੀਬ 67.60 ਫ਼ੀਸਦੀ ਤੇ ਸਰਪੰਚ ਉਪ ਚੋਣਾਂ ਲਈ 47.56 ਫ਼ੀਸਦੀ ਵੋਟਿੰਗ ਹੋਈ। ਇਹ ਜਾਣਕਾਰੀ ਅੱਜ ਰਾਜ ਦੇ ਚੋਣ ਕਮਿਸ਼ਨਰ ਵੱਲੋਂ ਦਿੱਤੀ ਗਈ। ਪੰਚਾਇਤੀ ਉਪ ਚੋਣਾਂ ਦਾ ਇਹ ਅੱਠਵਾਂ ਗੇੜ ਜ਼ਿਲ੍ਹਾ ਵਿਕਾਸ ਕੌਂਸਲ ਚੋਣਾਂ ਦੇ ਪਹਿਲੇ ਗੇੜ ਨਾਲ ਸ਼ਨਿਚਰਵਾਰ ਨੂੰ ਹੋਇਆ। ਪੰਚਾਇਤੀ ਚੋਣਾਂ ਦੇ ਇਸ ਆਖ਼ਰੀ ਗੇੜ ਵਿੱਚ ਪੰਚਾਂ ਦੀਆਂ ਖਾਲੀ ਪਈਆਂ 285 ਸੀਟਾਂ ਲਈ ਉਪ ਚੋਣਾਂ ਹੋਈਆਂ। ਰਾਜ ਦੇ ਚੋਣ ਕਮਿਸ਼ਨਰ ਕੇ.ਕੇ. ਸ਼ਰਮਾ ਨੇ ਕਿਹਾ ਕਿ ਇਸ ਗੇੜ ’ਚ ਕੁੱਲ 67.60 ਫ਼ੀਸਦ ਵੋਟਿੰਗ ਹੋਈ ਜਿਸ ਵਿੱਚੋਂ ਜੰਮੂ ਡਿਵੀਜ਼ਨ ’ਚ 84.07 ਫੀਸਦ ਤੇ ਕਸ਼ਮੀਰ ਡਿਵੀਜ਼ਨ ’ਚ 65.92 ਫ਼ੀਸਦ ਵੋਟਿੰਗ ਹੋਈ। ਸਰਪੰਚ ਦੀਆਂ 84 ਸੀਟਾਂ ਲਈ ਹੋਈਆਂ ਉਪ ਚੋਣਾਂ ਲਈ ਕੁੱਲ 47.56 ਫ਼ੀਸਦ ਵੋਟਿੰਗ ਹੋਈ, ਜਿਸ ਵਿੱਚੋਂ ਜੰਮੂ ਡਿਵੀਜ਼ਨ ’ਚ 78.10 ਫ਼ੀਸਦ ਜਦੋਂਕਿ ਕਸ਼ਮੀਰ ਡਿਵੀਜ਼ਨ ’ਚ 42.27 ਫ਼ੀਸਦ ਵੋਟਿੰਗ ਹੋਈ। -ਪੀਟੀਆਈ