ਜੰਮੂ, 2 ਮਾਰਚ
ਕਾਂਗਰਸ ਵਰਕਰਾਂ ਨੇ ਅੱਜ ਇੱਥੇ ਰੋਸ ਮੁਜ਼ਾਹਰਾ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ ਦਾ ਪੁਤਲਾ ਸਾੜਿਆ ਅਤੇ ਦੋਸ਼ ਲਾਇਆ ਕਿ ਉਹ ਆਪਣੇ ਨਿੱਜੀ ਹਿੱਤਾਂ ਲਈ ਭਾਜਪਾ ਨਾਲ ਰਲ ਕੇ ਪਾਰਟੀ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਰਚ ਰਹੇ ਹਨ। ਕਾਂਗਰਸ ਵਰਕਰਾਂ, ਜਿਨ੍ਹਾਂ ’ਚੋਂ ਵਧੇਰੇ ਨੌਜਵਾਨ ਸਨ, ਨੇ ਮੰਗ ਕੀਤੀ ਕਿ ਆਜ਼ਾਦ ਨੂੰ ਪਾਰਟੀ ’ਚੋਂ ਬਾਹਰ ਕੱਢਿਆ ਜਾਵੇ। ਜੀ-23 ਆਗੂਆਂ ਵੱਲੋਂ ਇੱਥੇ ਪਿਛਲੇ ਦਿਨੀਂ ਕੀਤੀ ਗਈ ਰੈਲੀ ਮਗਰੋਂ ਇਹ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਖ਼ਿਲਾਫ਼ ਆਪਣੀ ਕਿਸਮ ਦਾ ਪਹਿਲਾ ਰੋਸ ਮੁਜ਼ਹਰਾ ਹੈ।
ਜੰਮੂ ਕਸ਼ਮੀਰ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਮੁਹੰਮਦ ਸ਼ਾਹਨਵਾਜ਼ ਚੌਧਰੀ ਅਤੇ ਜ਼ਿਲ੍ਹਾ ਵਿਕਾਸ ਕੌਂਸਲ ਦੇ ਮੈਂਬਰਾਂ ਤੇ ਪਾਰਟੀ ਦੇ ਸੀਨੀਅਰ ਆਗੂਆਂ ਦੀ ਅਗਵਾਈ ਹੇਠ ਕਾਂਗਰਸ ਵਰਕਰ ਇੱਥੋਂ ਦੇ ਪ੍ਰੈੱਸ ਕਲੱਬ ਦੇ ਬਾਹਰ ਇਕੱਠੇ ਹੋਏ ਅਤੇ ਗੁਲਾਜ਼ ਨਬੀ ਆਜ਼ਾਦ ਦਾ ਪੁਤਲਾ ਸਾੜਿਆ। ਪਾਰਟੀ ਵਰਕਰਾਂ ਨੇ ਆਜ਼ਾਦ ਦੇ ਵਿਰੋਧ ਵਿੱਚ ਅਤੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੇ ਹੱਕ ’ਚ ਨਾਅਰੇਬਾਜ਼ੀ ਕੀਤੀ।
ਜੰਮੂ ਕਸ਼ਮੀਰ ਪ੍ਰਦੇਸ਼ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਮੁਹੰਮਦ ਸ਼ਾਹਨਵਾਜ਼ ਚੌਧਰੀ ਨੇ ਕਿਹਾ, ‘ਕਾਂਗਰਸ ਨੇ ਆਜ਼ਾਦ ਨੂੰ ਹਮੇਸ਼ਾ ਬਣਦਾ ਸਨਮਾਨ ਦਿੱਤਾ ਅਤੇ ਜਦੋਂ ਸੰਕਟ ਸਮੇਂ ਪਾਰਟੀ ਨੂੰ ਉਨ੍ਹਾਂ ਦੇ ਤਜਰਬੇ ਦੀ ਲੋੜ ਹੈ, ਉਹ ਜੰਮੂ ਕਸ਼ਮੀਰ ਆ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੋਹਲੇ ਗਾ ਰਹੇ ਹਨ ਜਿਨ੍ਹਾਂ ਸਾਡੇ ਤੋਂ ਸਾਡਾ ਸੂਬਾ ਖੋਹ ਲਿਆ। ਇਹ ਸਪੱਸ਼ਟ ਹੋ ਚੁੱਕਾ ਹੈ ਕਿ ਉਹ ਨਿੱਜੀ ਹਿੱਤਾਂ ਲਈ ਭਾਜਪਾ ਨਾਲ ਮਿਲ ਕੇ ਕਾਂਗਰਸ ਨੂੰ ਕਮਜ਼ੋਰ ਕਰ ਰਹੇ ਹਨ।’
ਆਜ਼ਾਦ ਉਮੀਦਵਾਰ ਵਜੋਂ ਡੀਡੀਸੀ ਚੋਣਾਂ ਜਿੱਤਣ ਵਾਲੇ ਚੌਧਰੀ ਨੇ ਆਜ਼ਾਦ ’ਤੇ ਦੋਸ਼ ਲਾਇਆ ਕਿ ਉਨ੍ਹਾਂ ਪਾਰਟੀ ਦੀ ਲੀਡਰਸ਼ਿਪ ਖ਼ਿਲਾਫ਼ ਸਾਜ਼ਿਸ਼ ਰਚੀ ਹੈ। ਉਨ੍ਹਾਂ ਆਜ਼ਾਦ ਨੂੰ ਪਾਰਟੀ ’ਚੋਂ ਕੱਢਣ ਦੀ ਮੰਗ ਕੀਤੀ। ਚੌਧਰੀ ਨੇ ਕਿਹਾ ਕਿ ਉਹ ਆਪਣਾ ਗੁੱਸਾ ਜ਼ਾਹਿਰ ਕਰਨ ਲਈ ਸੜਕਾਂ ’ਤੇ ਉੱਤਰੇ ਹਨ। ਉਨ੍ਹਾਂ ਕਿਹਾ, ‘ਇਹ ਕਾਂਗਰਸ ਹੈ ਜਿਸ ਨੇ ਉਨ੍ਹਾਂ (ਆਜ਼ਾਦ) ਨੂੰ ਦਹਾਕਿਆਂ ਤੱਕ ਮਾਣ ਦਿੱਤਾ ਅਤੇ ਲਗਾਤਾਰ ਰਾਜ ਸਭਾ ਭੇਜਿਆ ਤੇ ਉਨ੍ਹਾਂ ਨੂੰ ਜੰਮੂ ਕਸ਼ਮੀਰ ਦਾ ਮੁੱਖ ਮੰਤਰੀ ਬਣਾਇਆ। ਹੁਣ ਜਦੋਂ ਕਾਂਗਰਸ ਸੰਕਟ ’ਚ ਹੈ ਅਤੇ ਪਾਰਟੀ ਨੂੰ ਉਨ੍ਹਾਂ ਦੇ ਤਜਰਬੇ ਦੀ ਲੋੜ ਹੈ ਤਾਂ ਉਹ ਜੀ-23 ਆਗੂਆਂ ਨਾਲ ਜੰਮੂ ਕਸ਼ਮੀਰ ਆ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਤਾਰੀਫਾਂ ਕਰ ਰਹੇ ਹਨ।’ -ਪੀਟੀਆਈ
ਮੋਦੀ ਦੇ ਹੱਕ ’ਚ ਬੋਲਣ ਵਾਲਾ ਕਾਂਗਰਸ ਲਈ ਗਲਤ: ਭਾਜਪਾ
ਨਵੀਂ ਦਿੱਲੀ: ਭਾਜਪਾ ਨੇ ਅੱਜ ਕਾਂਗਰਸ ਪਾਰਟੀ ਦੀ ਅੰਦਰੂਨੀ ਫੁੱਟ ਬਾਰੇ ਕਿਹਾ ਕਿ ਪਾਰਟੀ ਦੀ ਵਿਚਾਰਧਾਰਾ ਸਿਰਫ਼ ਗਾਂਧੀ ਪਰਿਵਾਰ ਦੀਆਂ ਖਾਹਿਸ਼ਾਂ ਪੂਰੀਆਂ ਕਰਨ ਲਈ ਹੈ ਅਤੇ ਜੇਕਰ ਕੋਈ ਇਸ ਦੇ ਖ਼ਿਲਾਫ਼ ਜਾਂ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਏਜੰਡੇ ਦੇ ਹੱਕ ’ਚ ਬੋਲਦਾ ਹੈ ਤਾਂ ਉਸ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈਂਦਾ ਹੈ। ਭਾਜਪਾ ਜਨਤਾ ਪਾਰਟੀ ਦੇ ਬੁਲਾਰੇ ਸੰਬਿਤ ਪਾਤਰਾ ਨੇ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੋ ਵੀ ਕਾਂਗਰਸ ਅੰਦਰ ਲੋਕਤੰਤਰ ਦੀ ਮੰਗ ਕਰਦਾ ਹੈ, ਉਸ ਨੂੰ ਪਾਰਟੀ ਦੀ ਆਲੋਚਨਾ ਝੱਲਣੀ ਪੈਂਦੀ ਹੈ। ਜੀ-23 ਨੂੰ ਵਿਰੋਧੀ ਪਾਰਟੀ ਦਾ ਅੰਦਰੂਨੀ ਮਾਮਲਾ ਦੱਸਦਿਆਂ ਉਨ੍ਹਾਂ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਪਾਰਟੀ ਦੇ ਗੁਲਾਮ ਨਬੀ ਆਜ਼ਾਦ ਜਿਹੇ ਸੀਨੀਅਰ ਆਗੂਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਿਰਫ਼ ਚਾਰ ਜਣਿਆਂ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਤੇ ਉਸ ਦੇ ਪਤੀ ਰੌਬਰਟ ਵਾਡਰਾ ਦੀ ਪਾਰਟੀ ਬਣ ਕੇ ਰਹਿ ਗਈ ਹੈ। ਇਨ੍ਹਾਂ ਦਾ ਇਕਲੌਤਾ ਏਜੰਡਾ ਮੋਦੀ ਦੇ ਏਜੰਡੇ ਨੂੰ ਨਫਰਤ ਕਰਨਾ ਹੈ। -ਪੀਟੀਆਈ