ਸ੍ਰੀਨਗਰ, 28 ਨਵੰਬਰ
ਜੰਮੂ ਕਸ਼ਮੀਰ ਵਿਚ ਜ਼ਿਲ੍ਹਾ ਵਿਕਾਸ ਪਰਿਸ਼ਦ (ਡੀਡੀਸੀ) ਚੋਣਾਂ ਦੇ ਪਹਿਲੇ ਪੜਾਅ ਤਹਿਤ ਅੱਜ 52 ਫ਼ੀਸਦੀ ਮਤਦਾਨ ਹੋਇਆ। ਇਸ ਚੋਣ ਵਿਚ ਤਿੰਨ ਧਿਰੀ ਮੁਕਾਬਲਾ ਹੈ। ਮੁੱਖ ਮੁਕਾਬਲਾ ਨੈਸ਼ਨਲ ਕਾਨਫਰੰਸ, ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਸਮੇਤ ਕਈ ਮੁੱਖ ਧਾਰਾਵਾਂ ਦੀਆਂ ਪਾਰਟੀਆਂ ਦੇ ਗੁਪਕਰ ਗਠਜੋੜ, ਜੰਮੂ-ਕਸ਼ਮੀਰ ਵਿਚ ਭਾਜਪਾ ਅਤੇ ਸਾਬਕਾ ਵਿੱਤ ਮੰਤਰੀ ਅਲਤਾਫ਼ ਬੁਖਾਰੀ ਦੀ ਪਾਰਟੀ ਵਿਚਾਲੇ ਹੈ। ਵੋਟਿੰਗ ਸਵੇਰੇ ਸੱਤ ਵਜੇ ਸ਼ੁਰੂ ਹੋਈ। ਠੰਢ ਕਾਰਨ ਵੋਟਰ ਘੱਟ ਹੀ ਨਿਕਲ ਰਹੇ ਸਨ। ਵੋਟਾਂ ਲਈ ਅੱਠ ਗੇੜ ਹਨ। ਦੇਰ ਸ਼ਾਮ ਸੂਬਾ ਚੋਣ ਕਮਿਸ਼ਨਰ ਕੇ.ਕੇ. ਸ਼ਰਮਾ ਨੇ ਦੱਸਿਆ ਕਿ ਪਹਿਲੇ ਗੇੜ ਲਈ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤਕ ਵੋਟਾਂ ਪਈਆਂ। ਉਨ੍ਹਾਂ ਦੱਸਿਆ ਕਿ ਕੁੱਲ 7,00,882 ਵੋਟਰਾਂ ਵਿੱਚੋਂ 51.76 ਫ਼ੀਸਦੀ ਵੋਟਰਾਂ ਨੇ ਵੋਟ ਦੇ ਹੱਕ ਦੀ ਵਰਤੋਂ ਕੀਤੀ। ਜੰਮੂ ਦੇ ਰਿਆਸੀ ’ਚ ਸਭ ਤੋਂ ਵੱਧ 74.62 ਫ਼ੀਸਦੀ ਮਤਦਾਨ ਹੋਇਆ।