ਜੰਮੂ, 18 ਜੁਲਾਈ
ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਨੇੜੇ ਅਚਾਨਕ ਹੱਥਗੋਲਾ ਫਟਣ ਕਾਰਨ ਫੌਜ ਦੇ ਇੱਕ ਕੈਪਟਨ ਤੇ ਇੱਕ ਜੂਨੀਅਰ ਕਮਿਸ਼ਨਡ ਅਧਿਕਾਰੀ (ਜੇਸੀਓ) ਦੀ ਮੌਤ ਹੋ ਗਈ। ਸੈਨਾ ਦੇ ਇੱਕ ਲੋਕ ਸੰਪਰਕ ਅਧਿਕਾਰੀ ਨੇ ਅੱਜ ਦੱਸਿਆ ਕਿ ਇਹ ਘਟਨਾ ਐਤਵਾਰ ਦੇਰ ਰਾਤ ਵਾਪਰੀ ਜਦੋਂ ਸੈਨਾ ਦੇ ਕੁਝ ਮੁਲਾਜ਼ਮ ਪੁਣਛ ਜ਼ਿਲ੍ਹੇ ਦੇ ਮੇਂਧਰ ਵਿੱਚ ਤਾਇਨਾਤ ਸਨ। ਉਨ੍ਹਾਂ ਦੱਸਿਆ ਕਿ ਕੈਪਟਨ ਅਤੇ ਨਾਇਬ ਸੂਬੇਦਾਰ (ਜੇਸੀਓ) ਨੂੰ ਹੈਲੀਕਾਪਟਰ ਰਾਹੀਂ ਊਧਮਪੁਰ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਨ੍ਹਾਂ ਨੇ ਦਮ ਤੋੜ ਦਿੱਤਾ।