ਸ੍ਰੀਨਗਰ, 30 ਮਾਰਚ
ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਬੁੱਧਵਾਰ ਪੁਲੀਸ ਦੇ ਕਾਂਸਟੇਬਲ ਤੌਸੀਫ ਅਹਿਮਦ ਮੀਰ ਸਣੇ ਪੰਜ ਸਰਕਾਰੀ ਮੁਲਾਜ਼ਮਾਂ ਨੂੰ ਦਹਿਸ਼ਤਗਰਦ ਸੰਗਠਨਾਂ ਨਾਲ ਸਬੰਧ ਰੱਖਣ ਦੇ ਦੋਸ਼ ਹੇਠ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਮੀਰ ਉੱਤੇ ਹਿਜ਼ਬੁਲ ਮੁਜਾਹਿਦੀਨ ਲਈ ਕੰਮ ਕਰਨ ਅਤੇ ਆਪਣੇ ਸਹਾਇਕ ਮੁਲਾਜ਼ਮਾਂ ਦੀ ਹੱਤਿਆ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ। ਕੇਂਦਰੀ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਨੇ ਸੰਵਿਧਾਨ ਦੀ ਧਾਰਾ 311 (2)(ਸੀ) ਤਹਿਤ ਕਾਇਮ ਕਮੇਟੀ ਦੇ ਸੁਝਾਅ ਮਗਰੋਂ ਉਕਤ ਮੁਲਾਜ਼ਮਾਂ ਦੀਆਂ ਸੇਵਾਵਾ ਸਮਾਪਤ ਕੀਤੀਆਂ ਹਨ। ਵਿਸ਼ੇਸ਼ ਪ੍ਰੋਵਿਜ਼ਨ ਤਹਿਤ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ 34 ਮੁਲਾਜ਼ਮਾਂ ਨੂੰ ਬਰਖਾਸਤ ਕੀਤਾ ਜਾ ਚੁੱਕਾ ਹੈ। ਹਾਲਾਂਕਿ ਇਸ ਪ੍ਰੋਵਿਜ਼ਨ ਤਹਿਤ ਬਰਖਾਸਤ ਕੀਤੇ ਗਈ ਕਰਮਚਾਰੀ ਅਪੀਲ ਨਾਲ ਸਿਰਫ ਹਾਈ ਕੋਰਟ ਵਿੱਚ ਪਹੁੰਚ ਕਰ ਸਕਦੇ ਹਨ। ਇਸ ਦੇ ਨਾਲ ਹੀ ਕਾਸਟੇਬਲ ਸ਼ਾਹਿਦ ਹੁਸੈਨ ਰਾਠੌੜ, ਗੁਲਾਮ ਹਸਨ ਪਰੇ (ਕੰਪਿਊਟਰ ਅਪਰੇਟਰ), ਅਰਸ਼ਦ ਅਹਿਮਦ ਦਾਸ (ਅਧਿਆਪਕ) ਅਤੇ ਸ਼ਰਾਫ਼ਤ ਅਲੀ ਖ਼ਾਨ (ਅਰਦਲੀ) ਨੂੰ ਵੀ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਹੁਕਮ ਵਿੱਚ ਕਿਹਾ ਗਿਆ ਹੈ ਕਿ ਗੁਲਾਮ ਹੁਸੈਨ ਪਰੇ ਪਾਬੰਦੀਸ਼ੁਦਾ ਗੁਟ ਜਮਾਤ-ਏ-ਇਸਲਾਮੀ ਦਾ ਮੈਂਬਰ ਹੈ। -ਪੀਟੀਆਈ