ਜੰਮੂ: ਗੁਪਕਾਰ ਐਲਾਨਨਾਮੇ ਬਾਰੇ ਪੀਪਲਜ਼ ਅਲਾਇੰਸ (ਪੀਏਜੀਡੀ) ਨੇ ਅੱਜ ਇੱਥੇ ਮੀਟਿੰਗ ਦੌਰਾਨ ਜੰਮੂ ਕਸ਼ਮੀਰ ਦੀ ਵੋਟਰ ਸੂਚੀ ਵਿੱਚ ਗ਼ੈਰ-ਸਥਾਨਕ ਵਾਸੀਆਂ ਨੂੰ ਸ਼ਾਮਲ ਕਰਨ ਦੇ ਮੁੱਦੇ ’ਤੇ ਭਵਿੱਖ ਦੀ ਯੋਜਨਾ ਉਲੀਕਣ ਲਈ ਇੱਕ ਕਮੇਟੀ ਦਾ ਗਠਨ ਕਰਨ ਦਾ ਫ਼ੈਸਲਾ ਕੀਤਾ। ਮੀਟਿੰਗ ਵਿੱਚ ਗਠਜੋੜ ਦੀਆਂ ਪੰਜ ਪਾਰਟੀਆਂ ਨੈਸ਼ਨਲ ਕਾਂਗਰਸ, ਪੀਪਲਜ਼ ਡੈਮੋਕ੍ਰੈਟਿਕ ਪਾਰਟੀ, ਸੀਪੀਐੱਮ, ਸੀਪੀਆਈ ਅਤੇ ਅਵਾਮੀ ਨੈਸ਼ਨਲ ਕਾਂਗਰਸ ਤੋਂ ਇਲਾਵਾ ਕਾਂਗਰਸ ਅਤੇ ਜੰਮੂ ਆਧਾਰਤ ਹੋਰ ਪਾਰਟੀਆਂ ਸਣੇ ਡੋਗਰਾ ਸਵੈਭਿਮਾਨ ਸੰਗਠਨ ਪਾਰਟੀ ਅਤੇ ਸਾਬਕਾ ਮੰਤਰੀ ਗੁਲਚੈਨ ਸਿੰਘ ਚਰਕ ਦੀ ਅਗਵਾਈ ਵਾਲੀ ਪਾਰਟੀ ਡੋਗਰਾ ਸਦਰ ਸਭਾ ਸ਼ਾਮਲ ਹੋਈਆਂ। ਅਲਾਇੰਸ ਦੇ ਚੇਅਰਪਰਸਨ ਅਤੇ ਨੈਸ਼ਨਲ ਕਾਂਗਰਸ ਦੇ ਮੁਖੀ ਫਾਰੂਕ ਅਬਦੁੱਲਾ ਨੇ ਆਪਣੀ ਰਿਹਾਇਸ਼ ’ਤੇ ਤਿੰਨ ਘੰਟਿਆਂ ਤੱਕ ਚੱਲੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਮੇਟੀ ਦੇ ਗਠਨ ਦੇ ਫ਼ੈਸਲੇ ਦਾ ਐਲਾਨ ਕੀਤਾ। ਸਾਬਕਾ ਮੁੱਖ ਮੰਤਰੀ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਮੀਟਿੰਗ ਦਾ ਮੁੱਖ ਏਜੰਡਾ ਜੰਮੂ ਕਸ਼ਮੀਰ ਵਿੱਚ ਰਹਿ ਰਹੇ ਗ਼ੈਰ-ਸਥਾਨਕ ਵਾਸੀਆਂ ਨੂੰ ਵੋਟਰ ਸੂਚੀ ਵਿੱਚ ਸ਼ਾਮਲ ਕਰਨ ਦੇ ਮੁੱਦੇ ’ਤੇ ਚਰਚਾ ਕਰਨਾ ਸੀ। ਚਰਕ ਨੇ ਇਸ ਮੁੱਦੇ ’ਤੇ ਇੱਕ ਕਮੇਟੀ ਦੇ ਗਠਨ ਦਾ ਸੁਝਾਅ ਦਿੱਤਾ।’’ ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਸਰਬਸੰਮਤੀ ਨਾਲ ਕਮੇਟੀ ਬਣਾਉਣ ਦਾ ਫ਼ੈਸਲਾ ਕੀਤਾ ਗਿਆ, ਜੋ ਭਵਿੱਖ ਵਿੱਚ ਇਸ ਮੁੱਦੇ ’ਤੇ ਰਣਨੀਤੀ ਉਲੀਕੇਗੀ। ਜੰਮੂ ਕਸ਼ਮੀਰ ਦੀਆਂ ਕਈ ਹੋਰ ਪਾਰਟੀਆਂ ਨੇ ਗ਼ੈਰ-ਸਥਾਨਕ ਵਾਸੀਆਂ ਨੂੰ ਸੋਧੀ ਵੋਟਰ ਸੂਚੀ ਵਿੱਚ ਸ਼ਾਮਲ ਕਰਨ ਦਾ ਵਿਰੋਧ ਕੀਤਾ ਹੈ। ਭਾਜਪਾ ਨੇ ‘ਗ਼ੈਰ-ਸਥਾਨਕ ਵਾਸੀਆਂ ਨੂੰ ਵੋਟਰ ਸੂਚੀ ਵਿੱਚ ਸ਼ਾਮਲ’ ਕਰਨ ਦੇ ਮੁੱਦੇ ’ਤੇ ਨੈਸ਼ਨਲ ਕਾਂਗਰਸ, ਪੀਡੀਪੀ ਅਤੇ ਹੋਰ ਪਾਰਟੀਆਂ ਦੀ ਨਿਖੇਧੀ ਕੀਤੀ ਅਤੇ ਉਨ੍ਹਾਂ ’ਤੇ ਸੂਬੇ ਦੀ ਸ਼ਾਂਤੀ ਭੰਗ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਇੱਥੇ ਸਥਾਨਕ ਅਤੇ ਗ਼ੈਰ-ਸਥਾਨਕ ਦਾ ਕੋਈ ਮੁੱਦਾ ਨਹੀਂ ਹੈ। -ਪੀਟੀਆਈ