ਭੱਦਰਵਾਹ, 31 ਜਨਵਰੀ
ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ’ਚ ਜੰਗਲ ਦੇ ਕੰਪਾਰਟਮੈਂਟ ਵਿੱਚ ਅੱਗ ਲੱਗਣ ਕਾਰਨ ਕੈਲ ਦੇ ਸੈਂਕੜੇ ਰੁੱਖ ਸੜ ਗਏ। ਐਤਵਾਰ ਨੂੰ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਨਿਚਰਵਾਰ ਕੈਲਰ ਰੇਂਜ ਅੰਦਰ ਘੁਰਾਕਾ ਬਲਾਕ ਦੇ ਇੱਕ ਨੰਬਰ ਕੰਪਾਰਟਮੈਂਟ ’ਚ ਅੱਗ ਲੱਗ ਗਈ, ਜੋ ਬਾਅਦ ’ਚ ਮਲਨਾਈ ਪਿੰਡ ਤੋਂ ਪਰਾਨੂ ਤਕ ਤਿੰਨ ਕਿਲੋਮੀਟਰ ਤਕ ਫੈਲ ਗਈ। ਅਧਿਕਾਰੀਆਂ ਮੁਤਾਬਕ ਅੱਗ ਹਾਲੇ ਵੀ ਭੜਕ ਰਹੀ ਹੈ, ਜਿਸ ਨੂੰ ਬੁਝਾਉਣ ਦੇ ਯਤਨ ਕੀਤੇ ਜਾ ਰਹੇ ਹਨ। ਦੂਜੇ ਪਾਸੇ ਸਥਾਨਕ ਵਾਲੰਟੀਅਰਾਂ ਨੇ ਕਥਿਤ ਦੋਸ਼ ਲਾਇਆ ਕਿ ਸੂਚਨਾ ਮਿਲਣ ਮਗਰੋਂ ਜੰਗਲਾਤ ਵਿਭਾਗ ਅੱਗ ’ਤੇ ਤੁਰੰਤ ਕਾਬੂ ਪਾਉਣ ’ਚ ਅਸਫਲ ਰਿਹਾ, ਜਿਸ ਕਾਰਨ ਕੈਲ ਦੇ ਸੈਂਕੜੇ ਦਰੱਖ਼ਤਾਂ ਤੋਂ ਇਲਾਵਾ ਬੂਟੀਆਂ ਤੇ ਝਾੜੀਆਂ ਦੇ ਪੌਦੇ ਸੜ ਚੁੱਕੇ ਹਨ। ਭੱਦਰਵਾਹ ਡਿਵੀਜ਼ਨਲ ਜੰਗਲਾਤ ਅਧਿਕਾਰੀ ਸ਼ੰਕਰ ਨੇ ਕਿਹਾ ਕਿ ਟੀਮ ਵੱਲੋਂ ਅੱਗ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਦਕਿ ਜੰਗਲਾਤ ਸੁਰੱਖਿਆ ਫੋਰਸ ਦੇ ਫੀਲਡ ਸਟਾਫ ਦੇ ਇੱਕ ਅਧਿਕਾਰੀ ਨੇ ਕਿਹਾ, ‘ਜੰਗਲ ਦੇ ਵੱਡੇ ਖੇਤਰ ਅੱਗ ਫੈਲ ਚੁੱਕੀ ਹੈ ਅਤੇ ਅਸੀਂ ਇਸ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।’ ਉਨ੍ਹਾਂ ਕਿਹਾ, ‘ਸਿਰਫ ਤਿੰਨ ਜਣਿਆਂ ਲਈ ਤਿੰਨ ਕਿਲੋਮੀਟਰ ਦੇ ਖੇਤਰ ’ਚ ਅੱਗ ’ਤੇ ਕਾਬੂ ਪਾ ਸਕਣਾ ਅਸੰਭਵ ਹੈ।’ ਅਧਿਕਾਰੀ ਮੁਤਾਬਕ ਉਨ੍ਹਾਂ ਵੱਲੋਂ ਸੀਨੀਅਰ ਅਧਿਕਾਰੀਆਂ ਨੂੰ ਅਨੇਕਾਂ ਵਾਰ ਫੋਨ ਕੀਤਾ ਗਿਆ ਪਰ ਕੋਈ ਵੀ ਉਨ੍ਹਾਂ ਕੋਲ ਨਹੀਂ ਪਹੁੰਚਿਆ। ਉਨ੍ਹਾਂ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਲਈ ਸਥਾਨਕ ਵਾਲੰਟੀਅਰਾਂ ਦੀ ਸ਼ਲਾਘਾ ਕੀਤੀ। -ਏਜੰਸੀ
ਕੈਪਸ਼ਨ- ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ’ਚ ਜੰਗਲ ’ਚ ਲੱਗੀ ਅੱਗ ਕਾਰਨ ਨਿਕਲਦਾ ਹੋਇਆ ਧੂੰਆਂ। -ਫੋਟੋ: ਪੀਟੀਆਈ