ਜੰਮੂ, 9 ਅਪਰੈਲ
ਭਾਰਤ ਦੇ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਇੱਥੇ ਕਿਹਾ ਕਿ ਜੰਮੂ ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ ਹੈ। ਉਨ੍ਹਾਂ ਕਿਹਾ ਕਿ ਮੁਲਕ ਆਪਣੇ ਮਸਲੇ ਆਪ ਸੁਲਝਾਉਣ ਦੇ ਕਾਬਿਲ ਹੈ। ਉਨ੍ਹਾਂ ਬਾਕੀ ਮੁਲਕਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਅੰਦਰੂਨੀ ਮਾਮਲੇ ਸੁਲਝਾਉਣ ਤਕ ਸੀਮਤ ਰਹਿਣ ਨਾ ਕਿ ਭਾਰਤ ਨੂੰ ਬੇਲੋੜੀਆਂ ਸਲਾਹਾਂ ਦੇਣ ’ਤੇ ਸਮਾਂ ਜਾਇਆ ਕਰਨ।
ਅਗਸਤ 2019 ਵਿਚ ਜੰਮੂ ਕਸ਼ਮੀਰ ਵਿਚ ਧਾਰਾ 370 ਹਟਾਉਣ ਤੋਂ ਬਾਅਦ ਆਪਣੀ ਪਹਿਲੀ ਫੇਰੀ ਦੌਰਾਨ ਉਨ੍ਹਾਂ ਨੇ ਕਿਸੇ ਮੁਲਕ ਜਾਂ ਕਿਸੇ ਵਿਅਕਤੀ ਦਾ ਨਾਂ ਲਏ ਬਿਨਾਂ ਕਿਹਾ ਕਿ ਕੁਝ ਗੁਆਂਢੀ ਜਾਣਬੁੱਝ ਕੇ ਮੁਸ਼ਕਿਲਾਂ ਅਤੇ ਹਲਚਲ ਪੈਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਭਾਰਤ ਨੂੰ ਅੱਗੇ ਵਧਦਾ ਨਹੀਂ ਦੇਖ ਸਕਦੇ।
ਇੱਥੇ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ (ਆਈਆਈਐਮ) ਦੀ ਤੀਜੀ ਅਤੇ ਚੌਥੀ ਸਾਲਾਨਾ ਕਨਵੋਕੇਸ਼ਨ ਦੌਰਾਨ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕੁਝ ‘ਦੋਸਤਾਂ’ ਨੂੰ ਸਲਾਹ ਹੈ ਜੋ ਭਾਰਤ ਨੂੰ ਬਿਨਾਂ ਮੰਗਿਆਂ ਸਲਾਹ ਦੇ ਰਹੇ, ਆਪਣੇ ਆਪ ਨੂੰ ਆਪਣੇ ਮੁਲਕ ਦੇ ਅੰਦਰੂਨੀ ਮਾਮਲੇ ਸੁਲਝਾਉਣ ਤਕ ਸੀਮਤ ਰੱਖਣ। ਉਨ੍ਹਾਂ ਕਿਹਾ ਕਿ ਭਾਰਤ ਆਪਣੇ ਮਸਲੇ ਸੁਲਝਾ ਸਕਦਾ ਹੈ। ਇਸ ਲਈ ਉਨ੍ਹਾਂ ਨੂੰ ਜ਼ਿਆਦਾ ਫ਼ਿਕਰ ਕਰਨ ਦੀ ਲੋੜ ਨਹੀਂ ਹੈ। ਇਸ ਮੌਕੇ ਐਮਬੀਏ ਮੁਕੰਮਲ ਕਰਨ ਵਾਲੇ 148 ਵਿਦਿਆਰਥੀਆਂ ਨੂੰ ਡਿਗਰੀਆਂ ਦਿੱਤੀਆਂ ਗਈਆਂ। ਇਸ ਮੌਕੇ ਕੇਂਦਰੀ ਮੰਤਰੀ ਜੀਤੇਂਦਰ ਸਿੰਘ ਅਤੇ ਜੰਮੂ ਕਸ਼ਮੀਰ ਦੇ ਰਾਜਪਾਲ ਮਨੋਜ ਸਿਨਹਾ ਵੀ ਹਾਜ਼ਰ ਸਨ।
ਸ੍ਰੀ ਨਾਇਡੂ ਨੇ ਕਿਹਾ ਕਿ ਬੇਸ਼ੱਕ ਜੰਮੂ ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ ਹੈ। ਉਨ੍ਹਾਂ ਕਿਹਾ ਕਿ ਭਾਰਤ ਆਪਣੇ ਮਸਲੇ ਆਪ ਸੁਲਝਾਉਣ ਦੇ ਕਾਬਿਲ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਮੁਲਕ ਨੂੰ ਦੂਜੇ ਮੁਲਕ ਦੇ ਅੰਦਰੂਨੀ ਮਾਮਲਿਆਂ ਬਾਰੇ ਬਿਨ੍ਹਾਂ ਮੰਗਿਆਂ ਸਲਾਹ ਦੇਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁਲਕ ਦਾ ਇਹ ਹਿੱਸਾ ਬੇਹੱਦ ਖ਼ੂਬਸੂਰਤ ਹੈ, ਇਸ ਲਈ ਜਨਤਾ ਇੱਥੇ ਸ਼ਾਂਤੀ ਚਾਹੁੰਦੀ ਹੈ। -ਪੀਟੀਆਈ