ਸੰਯੁਕਤ ਰਾਸ਼ਟਰ: ਭਾਰਤ ਨੇ ਜੰਮੂ ਤੇ ਕਸ਼ਮੀਰ ਦੇ ਮੁੱਦੇ ਨੂੰ ਯੂਐੱਨ ਸਲਾਮਤੀ ਕੌਂਸਲ ਦੇ ਏਜੰਡੇ ’ਚੋਂ ਸਥਾਈ ਤੌਰ ’ਤੇ ਹਟਾਉਣ ਦਾ ਸੱਦਾ ਦਿੱਤਾ ਹੈ। ਭਾਰਤ ਨੇ ਕਿਹਾ ਕਿ ਇਸ ਮੁੱਦੇ ’ਤੇ ‘ਤਰਕਹੀਣ ਬਿਆਨਬਾਜ਼ੀ’ ਹੁੰਦੀ ਹੈ ਜਿਸ ਨੂੰ ਕੋਈ ਵੀ ਸੰਜੀਦਗੀ ਨਾਲ ਨਹੀਂ ਲੈਂਦਾ। ਲਿਹਾਜ਼ਾ ਇਸ ਨੂੰ ‘ਪੁਰਾਣੀ ਏਜੰਡਾ ਆਈਟਮ’ ਤਹਿਤ ‘ਭਾਰਤ-ਪਾਕਿਸਤਾਨ ਦੇ ਸਵਾਲ’ ’ਚੋਂ ਸਥਾਈ ਤੌਰ ’ਤੇ ਹਟਾ ਦਿੱਤਾ ਜਾਵੇ। ਭਾਰਤ ਨੇ ਪਾਕਿਸਤਾਨ ਦੇ ਅਸਿੱਧੇ ਹਵਾਲੇ ਨਾਲ ਕਿਹਾ ਕਿ ਇਕ ਵਫ਼ਦ ਹੈ ਜੋ ਕੌਮਾਂਤਰੀ ਸ਼ਾਂਤੀ ਵਿੱਚ ਯੋਗਦਾਨ ਪਾਉਣ ਦੇ ਦਾਅਵੇ ਤਾਂ ਬਹੁਤ ਕਰਦਾ ਹੈ ਪਰ ਮੰਦੇ ਭਾਗਾਂ ਨੂੰ ਇਨ੍ਹਾਂ ਯਤਨਾਂ ਨੂੰ ਪਛਾਣ ਨਹੀਂ ਮਿਲਦੀ। ਆਲਮੀ ਪੱਧਰ ’ਤੇ ਸਾਰਿਆਂ ਨੂੰ ਪਤਾ ਹੈ ਕਿ ਉਹ ਕੌਮਾਂਤਰੀ ਦਹਿਸ਼ਤ ਦਾ ਮੂਲ ਸਰੋਤ ਤੇ ਦਹਿਸ਼ਤੀ ਸਿੰਡੀਕੇਟਾਂ ਦੀ ਹੱਬ ਹੈ। ਚੇਤੇ ਰਹੇ ਕਿ ਪਿਛਲੇ ਦਿਨੀਂ ਸਲਾਮਤੀ ਕੌਂਸਲ ਦੀ ਸਾਲਾਨਾ ਰਿਪੋਰਟ ’ਤੇ ਚਰਚਾ ਲਈ ਵਰਚੁਅਲ ਮੀਟਿੰਗ ਦੌਰਾਨ ਪਾਕਿਸਤਾਨ ਦੇ ਯੂਐੱਨ ’ਚ ਸਫ਼ੀਰ ਮੁਨੀਰ ਅਕਰਮ ਨੇ ਜੰਮੂ ਤੇ ਕਸ਼ਮੀਰ ਦਾ ਮੁੱਦਾ ਰੱਖਦਿਆਂ ਕਿਹਾ ਸੀ ਕਿ ਸਲਾਮਤੀ ਕੌਂਸਲ ਜੰਮੂ ਤੇ ਕਸ਼ਮੀਰ ਦੇ ਮੌਜੂਦਾ ਹਾਲਾਤ ਬਾਰੇ ਆਪਣੇ ਹੀ ਮਤਿਆਂ ਤੇ ਫੈਸਲਿਆਂ ਨੂੰ ਅਮਲ ਵਿੱਚ ਲਿਆਉਣ ਤੋਂ ਪੱਛੜ ਗਈ ਹੈ।
-ਪੀਟੀਆਈ