ਸ੍ਰੀਨਗਰ, 13 ਮਈ
ਮੁੱਖ ਅੰਸ਼
- ਭਾਜਪਾ ਦੇ ਸੂਬਾ ਪ੍ਰਧਾਨ ਤੇ ਹੋਰਾਂ ਨੂੰ ਕਰਨਾ ਪਿਆ ਲੋਕਾਂ ਦੇ ਰੋਹ ਦਾ ਸਾਹਮਣਾ
ਬੜਗਾਮ ਵਿਚ ਵੀਰਵਾਰ ਕਸ਼ਮੀਰੀ ਪੰਡਿਤ ਰਾਹੁਲ ਭੱਟ ਦੀ ਅਤਿਵਾਦੀਆਂ ਵੱਲੋਂ ਕੀਤੀ ਹੱਤਿਆ ਖ਼ਿਲਾਫ਼ ਰੋਸ ਪ੍ਰਗਟ ਕਰ ਰਹੇ ਭਾਈਚਾਰੇ ਦੇ ਮੈਂਬਰਾਂ ਨੂੰ ਰੋਕਣ ਲਈ ਅੱਜ ਪੁਲੀਸ ਨੇ ਲਾਠੀਚਾਰਜ ਕੀਤਾ ਤੇ ਅੱਥਰੂ ਗੈਸ ਵਰਤੀ। ਕਸ਼ਮੀਰੀ ਪੰਡਿਤ ਭਾਈਚਾਰੇ ਦੇ ਮੈਂਬਰ ਰੋਸ ਪ੍ਰਗਟ ਕਰਦਿਆਂ ਸ੍ਰੀਨਗਰ ਹਵਾਈ ਅੱਡੇ ਵੱਲ ਵਧ ਰਹੇ ਸਨ। ਇਸ ਤੋਂ ਪਹਿਲਾਂ ਮੁਜ਼ਾਹਰਾਕਾਰੀ ਬੜਗਾਮ ਜ਼ਿਲ੍ਹੇ ਦੇ ਸ਼ੇਖਪੋਰਾ ਇਲਾਕੇ ਵਿਚ ਇਕੱਠੇ ਹੋਏ ਤੇ ਮਗਰੋਂ ਉਨ੍ਹਾਂ ਹਵਾਈ ਅੱਡੇ ਵੱਲ ਵਧਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਇਨ੍ਹਾਂ ਨੂੰ ਰਾਹ ਵਿਚ ਹੀ ਪੁਲੀਸ ਕਰਮੀਆਂ ਨੇ ਰੋਕ ਲਿਆ। ਪੁਲੀਸ ਨੇ ਮੁਜ਼ਾਹਰਾਕਾਰੀਆਂ ਨੂੰ ਪਿੱਛੇ ਮੁੜਨ ਲਈ ਕਿਹਾ ਪਰ ਉਨ੍ਹਾਂ ਵੱਲੋਂ ਇਨਕਾਰ ਕਰਨ ’ਤੇ ਤਾਕਤ ਦੀ ਵਰਤੋਂ ਕੀਤੀ। ਹਾਲਾਂਕਿ ਇਸ ਮੌਕੇ ਕੋਈ ਜ਼ਖ਼ਮੀ ਨਹੀਂ ਹੋਇਆ। ਵਾਦੀ ਵਿਚ ਹੋਰ ਵੀ ਕਈ ਥਾਈਂ ਇਸ ਹੱਤਿਆ ਵਿਰੁੱਧ ਰੋਸ ਪ੍ਰਦਰਸ਼ਨ ਹੋਏ ਹਨ।
ਜ਼ਿਕਰਯੋਗ ਹੈ ਕਿ ਭੱਟ (35) ਜੋ ਕਿ ਇਕ ਕਸ਼ਮੀਰੀ ਪੰਡਿਤ ਤੇ ਸਰਕਾਰੀ ਮੁਲਾਜ਼ਮ ਸੀ, ਦੀ ਅਤਿਵਾਦੀਆਂ ਨੇ ਬਡਗਾਮ ਦੇ ਇਕ ਸਰਕਾਰੀ ਦਫ਼ਤਰ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਭਾਈਚਾਰਾ ਇਸ ਘਟਨਾ ਖ਼ਿਲਾਫ਼ ਵੀਰਵਾਰ ਤੋਂ ਹੀ ਰੋਸ ਪ੍ਰਗਟ ਕਰ ਰਿਹਾ ਹੈ। ਕਸ਼ਮੀਰੀ ਪੰਡਿਤਾਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਦੀ ਰਾਖੀ ਕਰਨ ਵਿਚ ‘ਨਾਕਾਮ’ ਸਾਬਿਤ ਹੋਈ ਹੈ। ਇਸੇ ਦੌਰਾਨ ਰਾਹੁਲ ਭੱਟ ਦਾ ਅੱਜ ਜੰਮੂ ਵਿਚ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਮਾਹੌਲ ਬੇਹੱਦ ਗ਼ਮਗੀਨ ਸੀ। ਜ਼ਿਕਰਯੋਗ ਹੈ ਕਿ ਰਾਹੁਲ ਨੂੰ ਕਲਰਕ ਦੀ ਨੌਕਰੀ ਪਰਵਾਸੀਆਂ ਲਈ 2010-11 ਵਿਚ ਐਲਾਨੇ ਗਏ ਵਿਸ਼ੇਸ਼ ਰੁਜ਼ਗਾਰ ਪੈਕੇਜ ਤਹਿਤ ਮਿਲੀ ਸੀ। ਅੱਜ ਰਾਹੁਲ ਦੀ ਮ੍ਰਿਤਕ ਦੇਹ ਨੂੰ ਜੰਮੂ ਦੇ ਦੁਰਗਾ ਨਗਰ ਇਲਾਕੇ ਵਿਚ ਸਥਿਤ ਉਸ ਦੇ ਘਰ ਲਿਆਂਦਾ ਗਿਆ। ਦੱਸਣਯੋਗ ਹੈ ਕਿ ਰਾਹੁਲ ਦੀ ਪਤਨੀ ਤੇ ਧੀ ਉਸ ਨਾਲ ਬਡਗਾਮ ਦੀ ਪਰਵਾਸੀ ਕਲੋਨੀ ਵਿਚ ਰਹਿ ਰਹੀਆਂ ਸਨ। ਇਸ ਤੋਂ ਪਹਿਲਾਂ ਅੱਜ ਜੰਮੂ ਵਿਚ ਭੱਟ ਦੇ ਸਸਕਾਰ ਮੌਕੇ ਸੈਂਕੜੇ ਕਸ਼ਮੀਰੀ ਪੰਡਿਤ ਮ੍ਰਿਤਕ ਮੁਲਾਜ਼ਮ ਦੇ ਘਰ ਪਹੁੰਚ ਗਏ। ਰਾਹੁਲ ਭੱਟ ਦੇ ਪਰਿਵਾਰ ਸਣੇ ਇਸ ਮੌਕੇ ਹਾਜ਼ਰ ਕਸ਼ਮੀਰੀ ਪੰਡਿਤਾਂ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਗੰਭੀਰ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਸ਼ਮੀਰੀ ਪੰਡਿਤਾਂ ਦੇ ਮੁੜ ਵਸੇਬੇ ਦੇ ਨਾਂ ਉਤੇ ਨੌਜਵਾਨ ਕਸ਼ਮੀਰੀ ਹਿੰਦੂਆਂ ਨੂੰ ‘ਬੰਦੂਕਾਂ ਦਾ ਚਾਰਾ’ ਬਣਾ ਰਹੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਇਸ ਘਟਨਾ ਨਾਲ ਵਾਦੀ ਵਿਚ ਮੁੜ ਵਸਣ ਦੇ ਉਨ੍ਹਾਂ ਦੇ ਸੁਫ਼ਨੇ ਚਕਨਾਚੂਰ ਹੋ ਗਏ ਹਨ। ਉਨ੍ਹਾਂ ਕਿਹਾ, ‘ਸਾਡੇ ਬੱਚਿਆਂ ਨੂੰ ਉੱਥੇ ਨੌਕਰੀਆਂ ਲਈ ਨਹੀਂ ਬਲਕਿ ਮਰਨ ਲਈ ਲਿਜਾਇਆ ਜਾ ਰਿਹਾ ਹੈ।’ ਅੰਤਿਮ ਸੰਸਕਾਰ ਮੌਕੇ ਪੁੱਜੇ ਜੰਮੂ ਕਸ਼ਮੀਰ ਭਾਜਪਾ ਦੇ ਪ੍ਰਧਾਨ ਰਵਿੰਦਰ ਰੈਨਾ ਤੇ ਹੋਰ ਪਾਰਟੀ ਆਗੂਆਂ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ।
ਉਪ ਰਾਜਪਾਲ ਵੱਲੋਂ ਰਾਹੁਲ ਭੱਟ ਦੇ ਪਰਿਵਾਰ ਨਾਲ ਮੁਲਾਕਾਤ
ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਅੱਜ ਅਤਿਵਾਦੀਆਂ ਵੱਲੋਂ ਮਾਰੇ ਗਏ ਕਸ਼ਮੀਰੀ ਪੰਡਿਤ ਭਾਈਚਾਰੇ ਨਾਲ ਸਬੰਧਤ ਸਰਕਾਰੀ ਮੁਲਾਜ਼ਮ ਰਾਹੁਲ ਭੱਟ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਤੇ ਨਿਆਂ ਦਾ ਭਰੋਸਾ ਦਿਵਾਇਆ। ਉਨ੍ਹਾਂ ਕਿਹਾ ਕਿ ਅਤਿਵਾਦੀਆਂ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਇਸ ਘਿਨੌਣੇ ਕਾਰੇ ਲਈ ਵੱਡੀ ਕੀਮਤ ਚੁਕਾਉਣੀ ਪਵੇਗੀ। ਸਿਨਹਾ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਸਰਕਾਰ ਰਾਹੁਲ ਦੇ ਪਰਿਵਾਰ ਨਾਲ ਖੜ੍ਹੀ ਹੈ। -ਪੀਟੀਆਈ
ਕਸ਼ਮੀਰੀ ਪੰਡਿਤਾਂ ਨਾਲ ਮਿਲਣ ਤੋਂ ਮੈਨੂੰ ਰੋਕਿਆ ਗਿਆ: ਮੁਫ਼ਤੀ
ਪੀਡੀਪੀ ਪ੍ਰਧਾਨ ਮਹਬਿੂਬਾ ਮੁਫ਼ਤੀ ਨੇ ਅੱਜ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਬਡਗਾਮ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ ਤੇ ਘਰ ਵਿਚ ਨਜ਼ਰਬੰਦ ਕੀਤਾ ਗਿਆ ਹੈ। ਮੁਫ਼ਤੀ ਮੁਤਾਬਕ ਉਹ ਬਡਗਾਮ ਜਾ ਕੇ ਰੋਸ ਪ੍ਰਗਟ ਕਰ ਰਹੇ ਕਸ਼ਮੀਰੀ ਪੰਡਿਤ ਭਾਈਚਾਰੇ ਦੇ ਮੈਂਬਰਾਂ ਨਾਲ ਇਕਜੁੱਟਤਾ ਪ੍ਰਗਟ ਕਰਨਾ ਚਾਹੁੰਦੀ ਸੀ। ਇਕ ਵੀਡੀਓ ਸੁਨੇਹੇ ਵਿਚ ਮੁਫ਼ਤੀ ਨੇ ਕਿਹਾ ਕਿ ਕਸ਼ਮੀਰ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਮਹਬਿੂਬਾ ਨੇ ਘਾਟੀ ਦੇ ਬਹੁਗਿਣਤੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਘੱਟਗਿਣਤੀਆਂ ਦੇ ਨਾਲ ਖੜ੍ਹਨ। ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਨੇ ਰੋਸ ਪ੍ਰਗਟ ਕਰ ਰਹੇ ਲੋਕਾਂ ਖ਼ਿਲਾਫ਼ ਪੁਲੀਸ ਕਾਰਵਾਈ ਦੀ ਨਿਖੇਧੀ ਕੀਤੀ। ਅਬਦੁੱਲਾ ਨੇ ਕਿਹਾ ਕਿ ਜੇਕਰ ਉਪ ਰਾਜਪਾਲ ਕਸ਼ਮੀਰੀ ਪੰਡਿਤਾਂ ਦੀ ਰਾਖੀ ਨਹੀਂ ਕਰ ਸਕਦੇ ਤਾਂ ਉਨ੍ਹਾਂ ਨੂੰ ਰੋਸ ਜ਼ਾਹਿਰ ਕਰਨ ਦਾ ਪੂਰਾ ਹੱਕ ਹੈ। ਅਬਦੁੱਲਾ ਨੇ ਨਾਲ ਹੀ ਕਿਹਾ ਕਿ ਸੈਰ-ਸਪਾਟਾ ਹਾਲਾਤ ਆਮ ਹੋਣ ਦੀ ਗਵਾਹੀ ਨਹੀਂ ਹੈ। -ਪੀਟੀਆਈ