ਸ੍ਰੀਨਗਰ, 5 ਜੁਲਾਈ
ਗੁਪਕਾਰ ਗੱਠਜੋੜ ਨੇ ਅੱਜ ਕਿਹਾ ਕਿ ਵਿਧਾਨ ਸਭਾ ਚੋਣਾਂ ਜੰਮੂ ਕਸ਼ਮੀਰ ਦਾ ਰਾਜ ਦਾ ਦਰਜਾ ਬਹਾਲ ਹੋਣ ਤੋਂ ਬਾਅਦ ਹੀ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਸੰਸਦ ਵਿਚ ਪ੍ਰਗਟਾਈ ਵਚਨਬੱਧਤਾ ਦਾ ਮਾਣ ਰੱਖਣ ਲਈ ਕਿਹਾ ਹੈ। ਗੁਪਕਾਰ ਗੱਠਜੋੜ ਦੇ ਬੁਲਾਰੇ ਤੇ ਸੀਪੀਐਮ ਆਗੂ ਐਮ.ਵਾਈ. ਤਰੀਗਾਮੀ ਨੇ ਕਿਹਾ ਕਿ ਉਨ੍ਹਾਂ ਹੁਣ ਤੱਕ ਜੰਮੂ ਕਸ਼ਮੀਰ ਦੀਆਂ ਦੂਜੀਆਂ ਸਿਆਸੀ ਧਿਰਾਂ ਨਾਲ ਰਾਬਤਾ ਕਰਨ ਦਾ ਫ਼ੈਸਲਾ ਕੀਤਾ ਹੈ ਤਾਂ ਕਿ ਮੁੱਦੇ ’ਤੇ ਇਕ ਸਾਂਝੀ ਰਾਇ ਕਾਇਮ ਕੀਤੀ ਜਾ ਸਕੇ। ਗੁਪਕਾਰ ਗੱਠਜੋੜ ਦੇ ਆਗੂਆਂ ਨੇ ਐਤਵਾਰ ਫਾਰੂਕ ਅਬਦੁੱਲਾ (ਨੈਸ਼ਨਲ ਕਾਨਫਰੰਸ) ਦੀ ਅਗਵਾਈ ਵਿਚ ਇੱਥੇ ਉਨ੍ਹਾਂ ਦੀ ਰਿਹਾਇਸ਼ ਉਤੇ ਮੀਟਿੰਗ ਕੀਤੀ। ਇਸ ਮੌਕੇ ਗੱਠਜੋੜ ਦੀ ਉਪ ਚੇਅਰਮੈਨ ਤੇ ਪੀਡੀਪੀ ਦੀ ਪ੍ਰਧਾਨ ਮਹਬਿੂਬਾ ਮੁਫ਼ਤੀ, ਤਰੀਗਾਮੀ, ਐਨਸੀ ਆਗੂ ਹਸਨੈਨ ਮਸੂਦੀ, ਪੀਪਲਜ਼ ਮੂਵਮੈਂਟ ਮੁਖੀ ਜਾਵੇਦ ਮੁਸਤਫ਼ਾ ਮੀਰ ਤੇ ਅਵਾਮੀ ਨੈਸ਼ਨਲ ਕਾਨਫਰੰਸ ਦੇ ਸੀਨੀਅਰ ਉਪ ਪ੍ਰਧਾਨ ਮੁਜ਼ੱਫ਼ਰ ਅਹਿਮਦ ਸ਼ਾਹ ਹਾਜ਼ਰ ਸਨ। ਇਹ ਮੀਟਿੰਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ 24 ਜੂਨ ਨੂੰ ਹੋਈ ਸਰਬ ਪਾਰਟੀ ਬੈਠਕ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਸੱਦੀ ਗਈ ਸੀ। ਗੱਠਜੋੜ ਦੇ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨਾਲ ਹੋਈ ਬੈਠਕ ਦੇ ਨਤੀਜੇ ਤੋਂ ਉਹ ਨਿਰਾਸ਼ ਹਨ ਕਿਉਂਕਿ ਇਸ ਮੌਕੇ ਸਿਆਸੀ ਤੇ ਹੋਰ ਨਜ਼ਰਬੰਦਾਂ ਦੀ ਰਿਹਾਈ ਬਾਰੇ ਕੋਈ ਭਰੋਸਾ ਨਹੀਂ ਬਣਾਇਆ ਗਿਆ। ਤਰੀਗਾਮੀ ਨੇ ਕਿਹਾ ਕਿ ਭਰੋਸਾ ਬਹਾਲ ਕਰਨਾ ਬਹੁਤ ਜ਼ਰੂਰੀ ਹੈ। ਇਸ ਤੋਂ ਬਾਅਦ ਹੀ ‘ਜੰਮੂ ਕਸ਼ਮੀਰ ਦੇ ਲੋਕਾਂ ਨਾਲ ਰਾਬਤਾ ਕਾਇਮ ਕਰਨ ਦੀ ਪ੍ਰਕਿਰਿਆ ਆਰੰਭੀ ਜਾ ਸਕੇਗੀ ਜੋ ਕਿ ਸਭ ਤੋਂ ਵੱਡੇ ਹਿੱਤਧਾਰਕ ਹਨ, ਜਿਨ੍ਹਾਂ ਜੰਮੂ ਕਸ਼ਮੀਰ ਦੀ ਸਮੱਸਿਆ ਦਾ ਦੁੱਖ ਹੰਢਾਇਆ ਹੈ।’ ਗੁਪਕਾਰ ਗੱਠਜੋੜ ਨੇ ਨਾਲ ਹੀ ਕਿਹਾ ਕਿ ਹੱਦਬੰਦੀ ਕਮਿਸ਼ਨ ਦੀ ਕਾਰਵਾਈ ਵਿਚ ਸ਼ਾਮਲ ਹੋਣ ਬਾਰੇ ਸਾਂਝੇ ਪੱਧਰ ਉਤੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ। -ਪੀਟੀਆਈ