ਸ੍ਰੀਨਗਰ, 17 ਸਤੰਬਰ
ਜੰਮੂ ਕਸ਼ਮੀਰ ਵਿੱਚ ਅਨੰਤਨਾਗ ਜ਼ਿਲ੍ਹੇ ਦੇ ਗਡੋਲੇ ਜੰਗਲੀ ਖੇਤਰ ’ਚ ਛੁਪੇ ਅਤਿਵਾਦੀਆਂ ਦੀ ਭਾਲ ਵਿੱਚ ਤਲਾਸ਼ੀ ਮੁਹਿੰਮ ਅੱਜ ਪੰਜਵੇਂ ਦਿਨ ਵੀ ਜਾਰੀ ਹੈ। ਸੁਰੱਖਿਆ ਬਲਾਂ ਨੇ ਆਸ-ਪਾਸ ਦੇ ਪਿੰਡਾਂ ਤੱਕ ਮੁਹਿੰਮ ਦਾ ਦਾਇਰਾ ਵਧਾ ਦਿੱਤਾ ਹੈ ਅਤੇ ਵਣ ਖੇਤਰ ਵਿੱਚ ਮੋਰਟਾਰ ਦੇ ਕਈ ਗੋਲੇ ਦਾਗੇ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਸੰਘਣੇ ਜੰਗਲੀ ਖੇਤਰ ਵਿੱਚ ਡਰੋਨ ਤੇ ਹੈਲੀਕਾਪਟਰ ਰਾਹੀਂ ਭਾਲ ਕਰ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਬੁੱਧਵਾਰ ਨੂੰ ਸ਼ੁਰੂਆਤੀ ਮੁੱਠਭੇੜ ਵਿੱਚ ਫ਼ੌਜ ਦੇ ਦੋ ਅਧਿਕਾਰੀਆਂ ਤੇ ਪੁਲੀਸ ਦਾ ਇਕ ਡੀਐੱਸਪੀ ਸ਼ਹੀਦ ਹੋਣ ਦੇ ਬਾਅਦ ਤੋਂ ਅਤਿਵਾਦੀ ਇਸੇ ਸਥਾਨ ’ਚ ਛੁਪੇ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ ਸੁਰੱਖਿਆ ਬਲਾਂ ਨੇ ਜੰਗਲ ਵੱਲ ਮੋਰਟਾਰ ਦੇ ਕਈ ਗੋਲੇ ਦਾਗੇ। ਉਨ੍ਹਾਂ ਦੱਸਿਆ ਕਿ ਇਸ ਜੰਗਲੀ ਖੇਤਰ ਵਿੱਚ ਕਈ ਗੁਫਾਨੁਮਾ ਟਿਕਾਣੇ ਹਨ। ਅਤਿਵਾਦੀਆਂ ’ਤੇ ਹਮਲਾ ਕਰਨ ਲਈ ਉਨ੍ਹਾਂ ਦੇ ਸਟੀਕ ਟਿਕਾਣੇ ਦਾ ਪਤਾ ਲਾਉਣ ਵਾਸਤੇ ਡਰੋਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। -ਪੀਟੀਆਈ