ਸ੍ਰੀਨਗਰ, 26 ਜੂਨ
ਨੈਸ਼ਨਲ ਕਾਨਫ਼ਰੰਸ ਦੇ ਮੁਖੀ ਫਾਰੂਕ ਅਬਦੁੱਲਾ ਨੇ ਅੱਜ ਕਿਹਾ ਕਿ ਜੰਮੂ ਕਸ਼ਮੀਰ ਵਿਚ ਬੇਭਰੋਸਗੀ ਦਾ ਮਾਹੌਲ ਹੈ ਤੇ ਇਸ ਨੂੰ ਦੂਰ ਕਰਨਾ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ। ਉਧਰ ਉਨ੍ਹਾਂ ਦੇ ਪੁੱਤਰ ਤੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜੰਮੂ ਕਸ਼ਮੀਰ ਦਾ ਰਾਜ ਦਾ ਦਰਜਾ ਬਹਾਲ ਕਰਨ ਦੀ ਮੰਗ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੰਮੂ ਕਸ਼ਮੀਰ ਸਬੰਧੀ ਕੀਤੀ ਗਈ ਸਰਬ-ਪਾਰਟੀ ਮੀਟਿੰਗ ’ਚ ਸ਼ਾਮਲ ਹੋ ਕੇ ਪਰਤੇ ਸ੍ਰੀ ਫਾਰੂਕ ਅਬਦੁੱਲਾ ਨੇ ਕਿਹਾ ਕਿ ਮੀਟਿੰਗ ਸਬੰਧੀ ਅੱਗੇ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਉਹ ਆਪਣੀ ਪਾਰਟੀ ਦੇ ਆਗੂਆਂ ਅਤੇ ਗੁਪਕਾਰ ਐਲਾਨਨਾਮੇ ਲਈ ਲੋਕਾਂ ਦੇ ਗੱਠਜੋੜ (ਪੀਏਜੀਡੀ) ਦੇ ਭਾਈਵਾਲਾਂ ਨਾਲ ਚਰਚਾ ਕਰਨਗੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਰਾਇਸ਼ੁਮਾਰੀ ਦਾ ਵਾਅਦਾ ਕੀਤਾ ਸੀ ਪਰ ਕਰਵਾਈ ਨਹੀਂ। ਉਨ੍ਹਾਂ ਕਿਹਾ ਕਿ 1996 ਦੀਆਂ ਚੋਣਾਂ ਤੋਂ ਪਹਿਲਾਂ ਤਤਕਾਲੀ ਪ੍ਰਧਾਨ ਮੰਤਰੀ ਪੀ.ਵੀ. ਨਰਸਿਮਹਾ ਰਾਓ ਨੇ ਸਦਨ ’ਚੋਂ ਖ਼ੁਦਮੁਖ਼ਤਿਆਰੀ ਦਾ ਵਾਅਦਾ ਕੀਤਾ ਸੀ। ਉਨ੍ਹਾਂ ਕਿਹਾ, ‘‘ਜੰਮੂ ਕਸ਼ਮੀਰ ਵਿਚ ਬੇਭਰੋਸਗੀ ਦਾ ਮਾਹੌਲ ਹੈ….ਸਾਨੂੰ ਇੰਤਜ਼ਾਰ ਕਰਨਾ ਚਾਹੀਦਾ ਹੈ ਅਤੇ ਦੇਖਣਾ ਚਾਹੀਦਾ ਹੈ ਕਿ ਉਹ (ਕੇਂਦਰ) ਕੀ ਕਰਦੇ ਹਨ। ਉਹ ਇਹ ਬੇਭਰੋਸਗੀ ਦੂਰ ਕਰਦੇ ਹਨ ਜਾਂ ਇਸ ਨੂੰ ਜਾਰੀ ਰਹਿਣ ਦਿੰਦੇ ਹਨ।’’ ਉਨ੍ਹਾਂ ਕਿਹਾ ਕਿ ਸੀਨੀਅਰ ਕਾਂਗਰਸੀ ਆਗੂ ਕਰਨ ਸਿੰਘ ਨੇ ਵੀ ਚੋਣਾਂ ਕਰਵਾਉਣ ਤੋਂ ਪਹਿਲਾਂ ਜੰਮੂ ਕਸ਼ਮੀਰ ਦਾ ਰਾਜ ਦਾ ਦਰਜਾ ਬਹਾਲ ਕਰਨ ਦੀ ਮੰਗ ਰੱਖੀ ਸੀ। ਉਨ੍ਹਾਂ ਕਿਹਾ, ‘‘ਉਨ੍ਹਾਂ (ਕੇਂਦਰ) ਵੱਲੋਂ ਇਹ ਪਹਿਲਾ ਕਦਮ ਸੀ ਅਤੇ ਕਿਸੇ ਤਰ੍ਹਾਂ ਜੰਮੂ ਕਸ਼ਮੀਰ ਵਿਚ ਹਾਲਾਤ ਸੁਧਰੇ ਹਨ ਤੇ ਇਕ ਸਿਆਸੀ ਪ੍ਰਕਿਰਿਆ ਮੁੜ ਤੋਂ ਸ਼ੁਰੂ ਹੋਈ ਹੈ।’’ ਸ੍ਰੀਨਗਰ ਤੋਂ ਲੋਕ ਸਭਾ ਮੈਂਬਰ ਨੇ ਅਜਿਹੀਆਂ ਕਿਆਸਅਰਾਈਆਂ ਨੂੰ ਰੱਦ ਕੀਤਾ ਕਿ ਪ੍ਰਧਾਨ ਮੰਤਰੀ ਵੱਲੋਂ 24 ਜੂਨ ਨੂੰ ਸੱਦੀ ਗਈ ਮੀਟਿੰਗ ਪੀਏਜੀਡੀ ਦੇ ਖ਼ਾਤਮੇ ਵੱਲ ਇਸ਼ਾਰਾ ਕਰਦੀ ਹੈ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ, ‘‘ਗੱਠਜੋੜ ਕਿਉਂ ਖ਼ਤਮ ਹੋਵੇਗਾ?’’ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਮੀਟਿੰਗ ਵਿਚ ਕੇਂਦਰ ਸਰਕਾਰ ਨੂੰ ਇਹ ਸਪੱਸ਼ਟ ਕਰ ਦਿੱਤਾ ਗਿਆ ਸੀ ਕਿ ਵਿਧਾਨ ਸਭਾ ਚੋਣਾਂ ਕਰਵਾਉਣ ਤੋਂ ਪਹਿਲਾਂ ਜੰਮੂ ਕਸ਼ਮੀਰ ਦਾ ਰਾਜ ਦਾ ਦਰਜਾ ਬਹਾਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ਸਾਡੇ ਸਾਰਿਆਂ ਵੱਲੋਂ ਗ਼ੁਲਾਮ ਨਬੀ ਆਜ਼ਾਦ ਸਾਹਿਬ ਬੋਲੇ ਸਨ ਕਿ ਅਸੀਂ ਪਹਿਲਾਂ ਰਾਜ ਦਾ ਦਰਜਾ ਵਾਪਸ ਚਾਹੁੰਦੇ ਹਾਂ, ਉਸ ਤੋਂ ਬਾਅਦ ਚੋਣਾਂ। ਸ੍ਰੀ ਆਜ਼ਾਦ ਨੇ ਕਿਹਾ ਸੀ ਕਿ ਜੇਕਰ ਤੁਸੀਂ ਚੋਣਾਂ ਕਰਵਾਉਣਾ ਚਾਹੁੰਦੇ ਹੋ ਤਾਂ ਪਹਿਲਾਂ ਜੰਮੂ ਕਸ਼ਮੀਰ ਦਾ ਰਾਜ ਦਾ ਦਰਜਾ ਬਹਾਲ ਕੀਤਾ ਜਾਵੇ।’’ ਸ੍ਰੀ ਉਮਰ ਅਬਦੁੱਲਾ ਨੇ ਕਿਹਾ ਕਿ ਹੱਦਬੰਦੀ ਪ੍ਰਕਿਰਿਆ ਸਬੰਧੀ ਨੈਸ਼ਨਲ ਕਾਨਫ਼ਰੰਸ ਨੇ ਆਪਣੇ ਪ੍ਰਧਾਨ ਫਾਰੂਕ ਅਬਦੁੱਲਾ ਨੂੰ ਵਿਚਾਰ ਲੈਣ ਲਈ ਅਧਿਕਾਰਤ ਕੀਤਾ ਹੈ। ਉਧਰ ਕਾਂਗਰਸ ਦੀ ਜੰਮੂ ਕਸ਼ਮੀਰ ਇਕਾਈ ਦੇ ਪ੍ਰਧਾਨ ਜੀ.ਏ. ਮੀਰ ਨੇ ਅੱਜ ਕਿਹਾ ਕਿ ਜੰਮੂ ਕਸ਼ਮੀਰ ਵਿਚ ਜਲਦੀ ਲੋਕਤੰਤਰ ਬਹਾਲ ਕਰਨ ਲਈ ਸਰਕਾਰ ਨੂੰ ਹਾਲ ਹੀ ਵਿਚ ਦਿੱਲੀ ’ਚ ਹੋਈ ਸਰਬ-ਪਾਰਟੀ ਮੀਟਿੰਗ ਦੇ ਸਕਾਰਾਤਮਕ ਨਤੀਜਿਆਂ ’ਤੇ ਅਮਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਸੱਦੇ ਨੂੰ ਸਾਰੀਆਂ ਸਿਆਸੀ ਪਾਰਟੀਆਂ ਨੇ ਹਾਂ ਪੱਖੀ ਹੁੰਗਾਰਾ ਦਿੱਤਾ ਹੈ। -ਪੀਟੀਆਈ
ਕੁਝ ਆਗੂ ਅਜੇ ਵੀ ਧਾਰਾ 370 ਬਹਾਲ ਹੋਣ ਦਾ ਸੁਫ਼ਨਾ ਦੇਖ ਰਹੇ ਨੇ, ਜੋ ਸੰਭਵ ਨਹੀਂ: ਭਾਜਪਾ
ਜੰਮੂ: ਭਾਜਪਾ ਦੀ ਜੰਮੂ ਕਸ਼ਮੀਰ ਇਕਾਈ ਦੇ ਪ੍ਰਧਾਨ ਰਵਿੰਦਰ ਰੈਣਾ ਨੇ ਅੱਜ ਕਿਹਾ ਕਿ ਕੁਝ ਆਗੂ ਅਜੇ ਵੀ ਜੰਮੂ ਕਸ਼ਮੀਰ ਵਿਚ ਧਾਰਾ 370 ਬਹਾਲ ਹੋਣ ਦਾ ਸੁਫ਼ਨਾ ਦੇਖ ਰਹੇ ਹਨ ਜੋ ਕਿ ਅਸੰਭਵ ਹੈ। ਉਨ੍ਹਾਂ ਸਿਆਸੀ ਪਾਰਟੀਆਂ ਨੂੰ ਇਸ ਪਾਠ ਨੂੰ ਪਿੱਛੇ ਛੱਡਣ ਅਤੇ ਜਦੋਂ ਵੀ ਵਿਧਾਨ ਸਭਾ ਚੋਣਾਂ ਹੋਣ ਉਨ੍ਹਾਂ ’ਚ ਸ਼ਾਮਲ ਹੋਣ ਦੀ ਸਲਾਹ ਦਿੱਤੀ। ਉਹ ਦਿੱਲੀ ਵਿਚ ਹੋਈ ਸਰਬ-ਪਾਰਟੀ ਮੀਟਿੰਗ ’ਚ ਸ਼ਾਮਲ ਹੋ ਕੇ ਪਰਤਣ ਮਗਰੋਂ ਅੱਜ ਇੱਥੇ ਪਾਰਟੀ ਹੈੱਡਕੁਆਰਟਰ ਵਿਚ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। -ਪੀਟੀਆਈ