ਜੰਮੂ, 21 ਅਕਤੂਬਰ
ਕਾਂਗਰਸ ਨੇ ‘ਖੁੱਲ੍ਹੀ’ ਵੋਟਿੰਗ ਪ੍ਰਕਿਰਿਆ ਦਾ ਵਿਰੋਧ ਕਰਦਿਆਂ ਜੰਮੂ ਨਿਗਮ ਦੇ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਲਈ ਹੋਈ ਚੋਣ ਦਾ ਅੱਜ ਬਾਈਕਾਟ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਭਾਜਪਾ ਦੇ ਕੌਂਸਲਰ ਰਾਜਿੰਦਰ ਸ਼ਰਮਾ ਨੂੰ 57 ਵੋਟਾਂ, ਜਦੋਂਕਿ ਕਾਂਗਰਸ ਦੇ ਉਮੀਦਵਾਰ ਦਵਾਰਕਾ ਨਾਥ ਚੌਧਰੀ ਨੂੰ ਇੱਕ ਵੋਟ ਮਿਲੀ। ਇਸੇ ਤਰ੍ਹਾਂ ਭਾਜਪਾ ਆਗੂ ਬਲਦੇਵ ਸਿੰਘ ਡਿਪਟੀ ਮੇਅਰ ਚੁਣੇ ਗਏ ਹਨ। ਇਨ੍ਹਾਂ ਦੋਵਾਂ ਅਹੁਦਿਆਂ ਲਈ ਭਾਜਪਾ ਅਤੇ ਕਾਂਗਰਸ ਦਰਮਿਆਨ ਸਿੱਧਾ ਮੁਕਾਬਲਾ ਸੀ। ਕਾਂਗਰਸੀ ਕੌਂਸਲਰਾਂ ਨੇ ਗੁਪਤ ਦੀ ਥਾਂ ਖੁੱਲ੍ਹੀ ਵੋਟਿੰਗ ਕਰਵਾਉਣ ਦੀ ਪ੍ਰਕਿਰਿਆ ਦਾ ਵਿਰੋਧ ਕੀਤਾ ਹੈ। ਜੰਮੂ ਕਸ਼ਮੀਰ ਕਾਂਗਰਸ ਦੇ ਮੁੱਖ ਬੁਲਾਰੇ ਰਵਿੰਦਰ ਸ਼ਰਮਾ ਨੇ ਕਿਹਾ, ‘‘ਗੁਪਤ ਦੀ ਥਾਂ ਖੁੱਲ੍ਹੀ ਵੋਟਿੰਗ ਕਰਵਾਉਣ ਦੀ ਪ੍ਰਕਿਰਿਆ ਗ਼ੈਰਜਮਹੂਰੀ ਹੈ। ਪਹਿਲਾਂ ਅਜਿਹਾ ਕਦੇ ਨਹੀਂ ਹੋਇਆ। ਇਸ ਪ੍ਰਕਿਰਿਆ ਖ਼ਿਲਾਫ਼ ਰੋਸ ਜ਼ਾਹਿਰ ਕਰਨ ਲਈ ਸਾਡੇ ਕੌਂਸਲਰਾਂ ਨੇ ਚੋਣਾਂ ਦਾ ਬਾਈਕਾਟ ਕੀਤਾ ਹੈ।’’ ਉਨ੍ਹਾਂ ਕਿਹਾ, ‘‘ਭਾਵੇਂ ਅਸੀਂ ਬਹੁਮਤ ’ਚ ਨਹੀਂ ਹਾਂ, ਅਸੀਂ ਮੁਕਾਬਲੇ ਲਈ ਉਮੀਦਵਾਰ ਖੜ੍ਹੇ ਕੀਤੇ ਹਨ। ਪਰ ਇਸ ਗ਼ੈਰਜਮਹੂਰੀ ਕਦਮ ਨੇ ਸਾਨੂੰ ਬਾਈਕਾਟ ਕਰਨ ਲਈ ਮਜ਼ਬੂਰ ਕੀਤਾ ਹੈ।’’ -ਪੀਟੀਆਈ
ਪ੍ਰਧਾਨ ਮੰਤਰੀ ਜੰਮੂ ਕਸ਼ਮੀਰ ’ਚ ਲੋਕਤੰਤਰ ਦੀ ਮਜ਼ਬੂਤੀ ਲਈ ਵਚਨਬੱਧ: ਜੀਤੇਂਦਰ ਸਿੰਘ
ਨਵੀਂ ਦਿੱਲੀ: ਕੇਂਦਰੀ ਮੰਤਰੀ ਜੀਤੇਂਦਰ ਸਿੰਘ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੰਮੂ ਕਸ਼ਮੀਰ ਵਿੱਚ ਲੋਕਤੰਤਰ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ 2014 ਵਿੱਚ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਦਿਆਂ ਹੀ ਸ੍ਰੀ ਮੋਦੀ ਨੇ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਜੰਮੂ ਕਸ਼ਮੀਰ ਅਤੇ ਉੱਤਰ-ਪੂਰਬ ਵਰਗੇ ਸਾਰੇ ਇਲਾਕਿਆਂ ਨੂੰ ਬਾਕੀ ਦੇਸ਼ ਦੇ ਬਰਾਬਰ ਲਿਆਉਣਗੇ। ਪ੍ਰਸੋਨਲ ਰਾਜ ਮੰਤਰੀ ਨੇ ਇਹ ਪ੍ਰਗਟਾਵਾ ਸ਼ਹਿਰੀ ਸੁਸ਼ਾਸਨ ਬਾਰੇ ਤਿੰਨ ਦਿਨਾ ਓਰੀਐਂਟੇਸ਼ਨ ਪ੍ਰੋਗਰਾਮ ਦੀ ਸਮਾਪਤੀ ਮਗਰੋਂ ਇੱਥੇ ਸ੍ਰੀਨਗਰ ਨਗਰ ਨਿਗਮ ਵਿੱਚ ਡਿਪਟੀ ਮੇਅਰਾਂ ਅਤੇ ਕੌਂਸਲਰਾਂ ਨਾਲ ਮੁਲਾਕਾਤ ਦੌਰਾਨ ਕੀਤਾ। -ਪੀਟੀਆਈ