ਜੰਮੂ, 21 ਫਰਵਰੀ
ਜਲ ਸ਼ਕਤੀ ਵਿਭਾਗ ਵਿਚ ਨੌਕਰੀਆਂ ਪੱਕੀਆਂ ਕਰਨ ਦੀ ਮੰਗ ਲੈ ਕੇ ਇੱਥੇ ਰੋਸ ਮੁਜ਼ਾਹਰਾ ਕਰ ਰਹੇ ਦਿਹਾੜੀਦਾਰ ਮੁਲਾਜ਼ਮਾਂ ’ਤੇ ਅੱਜ ਪੁਲੀਸ ਨੇ ਹਲਕਾ ਲਾਠੀਚਾਰਜ ਕੀਤਾ। ਉਹ ਇੱਥੇ ਸਥਿਤ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਦੀ ਰਿਹਾਇਸ਼ ਵੱਲ ਵਧ ਰਹੇ ਹਨ। ਹਾਲਾਂਕਿ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਇਹ ਵਰਕਰ ਇੱਥੇ ਪੀਐਚਈ ਸਾਂਝਾ ਕਰਮਚਾਰੀ ਫਰੰਟ ਦੇ ਬੈਨਰ ਹੇਠ ਇਕੱਠੇ ਹੋਏ ਸਨ। ਉਨ੍ਹਾਂ ਨਾਅਰੇਬਾਜ਼ੀ ਕਰਦਿਆਂ ਗਾਂਧੀ ਨਗਰ ਸਥਿਤ ਕੇਂਦਰੀ ਮੰਤਰੀ ਦੀ ਰਿਹਾਇਸ਼ ਵੱਲ ਵਧਣ ਦੀ ਕੋਸ਼ਿਸ਼ ਕੀਤੀ। ਕਰਮਚਾਰੀਆਂ ਨੇ ਜੰਮੂ ਕਸ਼ਮੀਰ ਪ੍ਰਸ਼ਾਸਨ ਵਿਰੁੱਧ ਵੀ ਨਾਅਰੇਬਾਜ਼ੀ ਕੀਤੀ। ਮੰਤਰੀ ਦੀ ਰਿਹਾਇਸ਼ ਦੇ ਬਾਹਰ ਵੱਡੀ ਗਿਣਤੀ ਪੁਲੀਸ ਤਾਇਨਾਤ ਕੀਤੀ ਗਈ ਸੀ। ਪੁਲੀਸ ਨੇ ਮੁਜ਼ਾਹਰਾਕਾਰੀਆਂ ਨੂੰ ਰੋਕਣ ਲਈ ਹਲਕਾ ਲਾਠੀਚਾਰਜ ਕੀਤਾ। 60 ਹਜ਼ਾਰ ਤੋਂ ਵੱਧ ਦਿਹਾੜੀਦਾਰ ਵਰਕਰ, ਮਜ਼ਦੂਰ ਤੇ ਹੋਰ ਦੋ ਦਹਾਕਿਆਂ ਤੋਂ ਵੱਖ-ਵੱਖ ਵਿਭਾਗਾਂ ਵਿਚ ਕੰਮ ਕਰ ਰਹੇ ਹਨ। ਉਹ ਜੰਮੂ ਤੇ ਕਸ਼ਮੀਰ ਵਿਚ ਕਈ ਵਾਰ ਰੋਸ ਮੁਜ਼ਾਹਰੇ ਕਰ ਚੁੱਕੇ ਹਨ। ਇਕ ਕਰਮਚਾਰੀ ਬਲਵਿੰਦਰ ਬਘੇਲ ਨੇ ਕਿਹਾ ਕਿ ਉਹ ਸਰਕਾਰ ਤੇ ਪ੍ਰਸ਼ਾਸਨ ਦੇ ਮੁਲਾਜ਼ਮ ਵਿਰੋਧੀ ਰਵੱਈਏ ਤੋਂ ਤੰਗ ਹਨ। ਭਾਜਪਾ ਆਗੂਆਂ ਨੇ ਸਾਨੂੰ ਸਿਰਫ਼ ਮੂਰਖ ਬਣਾਇਆ ਹੈ ਤੇ ਮੰਗਾਂ ਦੇ ਹੱਲ ਲਈ ਕੁਝ ਨਹੀਂ ਕੀਤਾ। -ਪੀਟੀਆਈ