ਬਨਿਹਾਲ/ਜੰਮੂ, 19 ਦਸੰਬਰ
ਰਾਮਬਨ ਜ਼ਿਲ੍ਹੇ ਵਿੱਚ ਸ਼ਨਿਚਰਵਾਰ ਸ਼ਾਮ ਨੂੰ ਢਿੱਗਾਂ ਡਿੱਗਣ ਕਾਰਨ 270 ਕਿਲੋਮੀਟਰ ਲੰਮਾ ਜੰਮੂ-ਸ੍ਰੀਨਗਰ ਕੌਮੀ ਸ਼ਾਹਰਾਹ ਬੰਦ ਹੋ ਗਿਆ। ਸੈਂਕੜੇ ਵਾਹਨ ਸ਼ਾਹਰਾਹ ਬੰਦ ਹੋਣ ਕਾਰਨ ਫਸ ਗਏ ਹਨ। ਅਧਿਕਾਰੀ ਨੇ ਦੱਸਿਆ ਕਿ ਚੰਦਰਕੋਟ ਇਲਾਕੇ ਵਿੱਚ ਭੂਮ ’ਚ ਢਿੱਗਾਂ ਡਿੱਗਣ ਕਾਰਨ ਕੌਮੀ ਸ਼ਾਹਰਾਹ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ। ਇਹ ਇਕੋ ਇਕ ਸੜਕ ਹੈ ਜੋ ਕਸ਼ਮੀਰ ਨੂੰ ਮੁਲਕ ਨਾਲ ਜੋੜਦੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਮਲਬੇ ਵਿੱਚ ਫਸਣ ਕਾਰਨ ਦੋ ਵਾਹਨਾਂ ਨੂੰ ਨੁਕਸਾਨ ਪੁੱਜਿਆ ਹੈ ਪਰ ਉਨ੍ਹਾਂ ਦੇ ਚਾਲਕ ਵਾਲ ਵਾਲ ਬਚ ਗਏ। ਸੜਕ ਨਿਰਮਾਣ ਏਜੰਸੀਆਂ ਦੇ ਕਾਮੇ ਅਤੇ ਮਸ਼ੀਨਰੀ ਮਲਬਾ ਹਟਾਉਣ ਦੇ ਕੰਮ ਵਿੱਚ ਲਗ ਗਈ ਹੈ। ਇਸ ਤੋਂ ਪਹਿਲਾਂ ਅੱਜ ਦਿਨ ਵਿੱਚ ਰਾਮਬਨ ਵਿੱਚ ਨਚਲਾਨਾ ਵਿਖੇ ਟਰੱਕ ਪਲਟਣ ਕਾਰਨ ਕੁਝ ਦੇਰ ਲਈ ਹੀਈਵੇਅ ’ਤੇ ਆਵਾਜਾਈ ਠੱਪ ਹੋ ਗਈ ਸੀ। -ਏਜੰਸੀ