ਰਾਮਬਨ/ਜੰਮੂ, 23 ਜੂਨ
ਢਿੱਗਾਂ ਡਿੱਗਣ ਕਾਰਨ ਜੰਮੂ-ਸ੍ਰੀਨਗਰ ਕੌਮੀ ਮਾਰਗ ਅੱਜ ਲਗਾਤਾਰ ਤੀਜੇ ਦਿਨ ਵੀ ਬੰਦ ਰਿਹਾ। ਇਸ ਦੌਰਾਨ ਮੌਸਮ ਦੀ ਸਥਿਤੀ ਵਿੱਚ ਸੁਧਾਰ ਹੋਣ ਅਤੇ ਸੜਕ ਸਾਫ਼ ਕਰਨ ਦੀ ਮੁਹਿੰਮ ਪੂਰੀ ਹੋਣ ਮਗਰੋਂ ਕੌਮੀ ਮਾਰਗ ’ਤੇ ਫਸੇ ਕਰੀਬ 600 ਵਾਹਨਾਂ ਨੂੰ ਕੱਢਿਆ ਗਿਆ। ਮੰਗਲਵਾਰ ਨੂੰ ਭਾਰੀ ਮੀਂਹ ਕਾਰਨ ਢਿੱਗਾਂ ਡਿੱਗਣ ਮਗਰੋਂ ਕੌਮੀ ਮਾਰਗ ’ਤੇ ਫਸੇ ਕਰੀਬ 1400 ਵਾਹਨਾਂ ਕੱਢਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸੜਕ ਦੀ ਮੁਰੰਮਤ ਅਤੇ ਮਲਬਾ ਹਟਾਉਣ ਲਈ ਜਾਰੀ ਮੁਹਿੰਮ ਦੀ ਨਿਗਰਾਨੀ ਕਰ ਰਹੇ ਰਾਮਬਨ ਦੇ ਡਿਪਟੀ ਕਮਿਸ਼ਨਰ ਮੁਸੱਰਤ ਇਸਲਾਮ ਨੇ ਕਿਹਾ ਕਿ ਕੌਮੀ ਮਾਰਗ ’ਤੇ ਢਿੱਗਾਂ ਡਿੱਗਣ ਵਾਲੀਆਂ 30 ਵਿੱਚੋਂ 25 ਥਾਵਾਂ ਤੋਂ ਮਲਬਾ ਹਟਾ ਦਿੱਤਾ ਗਿਆ ਹੈ। ਭਾਰੀ ਮੀਂਹ ਕਾਰਨ ਰਾਮਬਨ ਅਤੇ ਊਧਮਪੁਰ ਜ਼ਿਲ੍ਹੇ ਵਿੱਚ 33 ਥਾਈਂ ਜ਼ਮੀਨ ਖਿਸਕਣ ਅਤੇ ਪੱਥਰ ਡਿੱਗਣ ਦੀਆਂ ਘਟਨਾਵਾਂ ਕਾਰਨ ਕੌਮੀ ਮਾਰਗ ਜਾਮ ਹੋ ਗਿਆ ਸੀ। ਇਸ ਤੋਂ ਇਲਾਵਾ ਸੜਕ ਦਾ 150 ਫੁੱਟ ਲੰਬਾ ਹਿੱਸਾ ਟੁੱਟ ਕੇ ਪਾਣੀ ਵਿੱਚ ਵਹਿ ਗਿਆ ਸੀ।
ਟਰੈਫਿਕ ਅਧਿਕਾਰੀਆਂ ਨੇ ਦੱਸਿਆ ਕਿ ਬਨਿਹਾਲ ਰਾਮਬਨ ਸੈਕਟਰ ਵਿੱਚ ਕੌਮੀ ਮਾਰਗ ’ਤੇ ਪੰਜ ਤੋਂ ਛੇ ਥਾਵਾਂ ’ਤੇ ਆਵਾਜਾਈ ਬਹਾਲੀ ਲਈ ਕੰਮ ਚੱਲ ਰਿਹਾ ਹੈ। ਜੰਮੂੁ ਦੇ ਪੁਣਛ ਅਤੇ ਰਾਜੌਰੀ ਜ਼ਿਲ੍ਹਿਆਂ ਨੂੰ ਦੱਖਣੀ ਕਸ਼ਮੀਰ ਦੇ ਸ਼ੋਪੀਆ ਜ਼ਿਲ੍ਹੇ ਨਾਲ ਜੋੜਨ ਵਾਲੇ ਮੁਗਲ ਮਾਰਗ ਨੂੰ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ। ਇਹ ਮਾਰਗ ਵੀ ਭਾਰੀ ਮੀਂਹ ਕਾਰਨ ਢਿੱਗਾਂ ਡਿੱਗਣ ਮਗਰੋਂ ਦੋ ਦਿਨ ਲਈ ਬੰਦ ਰਿਹਾ ਸੀ। ਕੌਮੀ ਮਾਰਗ ਸਬੰਧੀ ਇਲਾਕੇ ਦੇ ਵਿਸ਼ੇਸ਼ ਪੁਲੀਸ ਅਧਿਕਾਰੀ ਸ਼ਬੀਰ ਅਹਿਮਦ ਮਲਿਕ ਨੇ ਕਿਹਾ ਕਿ ਜੰਮੂ-ਸ੍ਰੀਨਗਰ ਕੌਮੀ ਮਾਰਗ ’ਤੇ ਢਿੱਗਾਂ ਡਿੱਗਣ ਕਾਰਨ ਫਸੇ 1400 ਵਾਹਨਾਂ ਵਿੱਚੋਂ 600 ਨੂੰ ਉੱਥੋਂ ਕੱਢ ਦਿੱਤਾ ਗਿਆ ਹੈ, ਜਦ ਕਿ ਮਾਰਗ ’ਤੇ ਆਵਾਜਾਈ ਦੀ ਬਹਾਲੀ ਲਈ ਕੰਮ ਲਗਾਤਾਰ ਜਾਰੀ ਹੈ। -ਪੀਟੀਆਈ