ਨਵੀਂ ਦਿੱਲੀ, 9 ਮਈ
ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਕਿਹਾ ਕਿ ਤਿੰਨ ਜਨ ਸੁਰੱਖਿਆ ਯੋਜਨਾਵਾਂ-ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ, ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਅਤੇ ਅਟਲ ਪੈਨਸ਼ਨ ਯੋਜਨਾ ਨੇ ਬੀਮਾ ਅਤੇ ਪੈਨਸ਼ਨ ਸਹੂਲਤ ਆਮ ਲੋਕਾਂ ਦੀ ਪਹੁੰਚ ਵਿੱਚ ਲਿਆਉਣ ਦਾ ਕੰਮ ਕੀਤਾ ਹੈ। ਉਪਰੋਕਤ ਤਿੰਨਾਂ ਸਮਾਜਿਕ ਸੁਰੱਖਿਆ ਯੋਜਨਾਵਾਂ ਦੀ 7ਵੀਂ ਵਰ੍ਹੇਗੰਢ ਮੌਕੇ ਉਨ੍ਹਾਂ ਕਿਹਾ ਕਿ ਲੰਘੇ ਸੱਤ ਸਾਲਾਂ ਵਿੱਚ ਇਨ੍ਹਾਂ ਯੋਜਨਾਵਾਂ ਤਹਿਤ ਰਜਿਸਟਰਡ ਅਤੇ ਲਾਭਪਾਤਰੀ ਲੋਕਾਂ ਦੀ ਗਿਣਤੀ ਇਸ ਦੀ ਸਫਲਤਾ ਦਾ ਸਬੂਤ ਹੈ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 9 ਮਈ 2015 ਨੂੰ ਇਨ੍ਹਾਂ ਤਿੰਨਾਂ ਯੋਜਨਾਵਾਂ ਦੀ ਸ਼ੁਰੂਆਤ ਕੀਤੀ ਸੀ।
ਵਿੱਤ ਮੰਤਰੀ ਨੇ ਕਿਹਾ, ‘‘ਜੀਵਨ ਜਯੋਤੀ ਬੀਮਾ ਯੋਜਨਾ ਸ਼ੁਰੂ ਹੋਣ ਮਗਰੋਂ ਹੁਣ ਤੱਕ 12.76 ਕਰੋੜ ਲੋਕਾਂ ਨੇ ਬੀਮਾ ਕਵਰ ਲਈ ਰਜਿਸਟਰੇਸ਼ਨ ਕੀਤੀ ਹੈ। ਇਸ ਦੌਰਾਨ 5,76,121 ਲੋਕਾਂ ਦੇ ਪਰਿਵਾਰਾਂ ਨੂੰ ਦਾਅਵੇ ਦੇ ਰੂਪ ਵਿੱਚ 11,522 ਕਰੋੜ ਰੁਪਏ ਮਿਲੇ ਹਨ। -ਪੀਟੀਆਈ