ਨਵੀਂ ਦਿੱਲੀ, 16 ਜੂਨ
ਲੋਕ ਜਨਸ਼ਕਤੀ ਪਾਰਟੀ ਦੇ ਆਗੂ ਚਿਰਾਗ ਪਾਸਵਾਨ ਨੇ ਅੱਜ ਉਸ ਦੀ ਪਾਰਟੀ ਵਿਚ ਫੁੱਟ ਪਾਉਣ ਲਈ ਜਨਤਾ ਦਲ (ਯੂਨਾਈਟਿਡ) ਨੂੰ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਉਸ ਦੇ ਚਾਚਾ ਪਸ਼ੂਪਤੀ ਕੁਮਾਰ ਪਾਰਸ ਦੀ ਅਗਵਾਈ ਵਾਲੇ ਧੜੇ ਵੱਲੋਂ ਲਏ ਗਏ ਫ਼ੈਸਲਿਆਂ ਨੂੰ ਇਹ ਕਹਿੰਦਿਆਂ ਰੱਦ ਕਰ ਦਿੱਤਾ ਕਿ ਪਾਰਟੀ ਦਾ ਸੰਵਿਧਾਨ ਉਨ੍ਹਾਂ ਨੂੰ ਅਜਿਹਾ ਕੋਈ ਅਧਿਕਾਰ ਨਹੀਂ ਦਿੰਦਾ।
ਪਾਰਟੀ ਵਿਚ ਫੁੱਟ ਪੈਣ ਤੋਂ ਬਾਅਦ ਪਹਿਲੀ ਵਾਰ ਮੀਡੀਆ ਦੇ ਰੂ-ਬ-ਰੂ ਹੁੰਦਿਆਂ ਚਿਰਾਗ ਨੇ ਆਪਣੇ-ਆਪ ਨੂੰ ‘ਸ਼ੇਰ ਦਾ ਪੁੱਤਰ’ ਦੱਸਿਆ ਅਤੇ ਕਿਹਾ ਕਿ ਉਹ ਆਪਣੇ ਪਿਤਾ ਵੱਲੋਂ ਬਣਾਈ ਗਈ ਪਾਰਟੀ ਲਈ ਲੜੇਗਾ। ਪਾਰਟੀ ਵਿਚ ਫੁੱਟ ਲਈ ਜਨਤਾ ਦਲ (ਯੂਨਾਈਟਿਡ) ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ ਇਸ ਘਟਨਾਕ੍ਰਮ ਵਿਚ ਭਾਰਤੀ ਜਨਤਾ ਪਾਰਟੀ ਦੀ ਭੂਮਿਕਾ ਸਬੰਧੀ ਸਵਾਲਾਂ ਤੋਂ ਟਾਲਾ ਵੱਟਿਆ ਅਤੇ ਕਿਹਾ ਕਿ ਜੋ ਕੁਝ ਹੋਇਆ ਉਹ ਇਕ ਅੰਦਰੂਨੀ ਮਾਮਲਾ ਹੈ ਜਿਸ ਲਈ ਉਹ ਹੋਰਾਂ ਨੂੰ ਦੋਸ਼ ਨਹੀਂ ਦੇਣਗੇ। ਇਸ ਦੌਰਾਨ ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਆਪਣੇ ਪੁਰਾਣੇ ਸਬੰਧਾਂ ਦੇ ਮੱਦੇਨਜ਼ਰ ਅਜੋਕੇ ਹਾਲਾਤ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਦਦ ਮੰਗਣ ਸਬੰਧੀ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ।
ਚਿਰਾਗ ਨੇ ਕਿਹਾ ਕਿ ਜਦੋਂ ਉਨ੍ਹਾਂ ਦੇ ਪਿਤਾ ਜਿਊਂਦੇ ਸਨ ਉਦੋਂ ਵੀ ਜਨਤਾ ਦਲ (ਯੂਨਾਈਟਿਡ) ਉਨ੍ਹਾਂ ਦੀ ਪਾਰਟੀ ਵਿਚ ਫੁੱਟ ਪਾਉਣ ਦੇ ਕੰਮ ’ਚ ਲੱਗੀ ਹੋਈ ਸੀ। ਸ੍ਰੀ ਪਾਸਵਾਨ ਨੇ ਕਿਹਾ, ‘‘ਪਿਛਲੇ ਸਾਲ ਜਦੋਂ ਮੇਰੇ ਪਿਤਾ ਦਾ ਦੇਹਾਂਤ ਹੋਇਆ ਉਦੋਂ ਮੈਂ ਅਨਾਥ ਮਹਿਸੂਸ ਨਹੀਂ ਸੀ ਕਰ ਰਿਹਾ ਪਰ ਹੁਣ ਕਰ ਰਿਹਾ ਹਾਂ।’’ ਉਸ ਨੇ ਕਿਹਾ ਉਸ ਨੂੰ ਆਸ ਸੀ ਕਿ ਉਸ ਦਾ ਚਾਚਾ ਪਰਿਵਾਰ ਨੂੰ ਸੰਭਾਲੇਗਾ ਪਰ ਉਸ ਨੇ ਉਨ੍ਹਾਂ ਨੂੰ ਲਾਵਾਰਿਸ ਛੱਡ ਦਿੱਤਾ। -ਪੀਟੀਆਈ
ਸਪੀਕਰ ਨੂੰ ਪੱਤਰ ਲਿਖ ਕੇ ਪਾਰਸ ਨੂੰ ਪਾਰਟੀ ਆਗੂ ਵਜੋਂ ਮਾਨਤਾ ਦੇਣ ਦਾ ਵਿਰੋਧ
ਨਵੀਂ ਦਿੱਲੀ: ਲੋਕ ਜਨਸ਼ਕਤੀ ਪਾਰਟੀ ਦੇ ਆਗੂ ਚਿਰਾਗ ਪਾਸਵਾਨ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਕੇ ਸਦਨ ਵਿਚ ਉਸ ਦੇ ਚਾਚਾ ਪਸ਼ੂਪਤੀ ਕੁਮਾਰ ਪਾਰਸ ਨੂੰ ਪਾਰਟੀ ਦੇ ਆਗੂ ਵਜੋਂ ਮਾਨਤਾ ਦਿੱਤੇ ਜਾਣ ਦੇ ਫ਼ੈਸਲੇ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਪਾਰਟੀ ਦੇ ਵਿਧਾਨ ਦੇ ਵਿਰੁੱਧ ਹੈ। ਇਸੇ ਦੌਰਾਨ ਲੋਕ ਜਨਸ਼ਕਤੀ ਪਾਰਟੀ ਦੇ ਯੂਥ ਵਿੰਗ ਦਿੱਲੀ ਦੇ ਕੁਝ ਵਰਕਰਾਂ ਨੇ ਆਪਣੇ ਪ੍ਰਧਾਨ ਬਿਕਾਸ ਸਿੰਘ ਦੀ ਅਗਵਾਈ ਹੇਠ ਪਾਰਸ ਦੇ ਘਰ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ। ਉਨ੍ਹਾਂ ਪਾਰਸ ’ਤੇ ਚਿਰਾਗ ਪਾਸਵਾਨ ਦੀ ਪਿੱਠ ’ਚ ਛੁਰਾ ਮਾਰਨ ਦੇ ਦੋਸ਼ ਵੀ ਲਗਾਏ। -ਪੀਟੀਆਈ