ਨਵੀਂ ਦਿੱਲੀ/ਮਥੁਰਾ/ਮੁੰਬਈ, 12 ਅਗਸਤ
ਕੋਵਿਡ-19 ਮਹਾਮਾਰੀ ਕਾਰਨ ਲੱਗੀਆਂ ਪਾਬੰਦੀਆਂ ਕਾਰਨ ਇਸ ਵਰ੍ਹੇ ਜਨਮਅਸ਼ਟਮੀ ਮੌਕੇ ਮੰਦਰਾਂ ਵਿੱਚ ਵੱਡੀਆਂ ਭੀੜਾਂ ਨਹੀਂ ਲੱਗੀਆਂ। ਨਾ ਝਾਕੀਆਂ ਸਜਾਈਆਂ ਗਈਆਂ ਅਤੇ ਨਾ ਹੀ ਦਹੀਂ-ਹਾਂਡੀ ਦੇ ਰਵਾਇਤੀ ਜਸ਼ਨ ਮਨਾਏ ਗਏ।
ਭਗਵਾਨ ਕ੍ਰਿਸ਼ਨ ਦੇ ਜਨਮ ਦਿਨ ਮੌਕੇ ਪੰਡਿਤਾਂ ਨੇ ਸਵੇਰ ਵੇਲੇ ਪੂਜਾ ਅਤੇ ਪ੍ਰਾਰਥਨਾ ਕੀਤੀ ਪਰ ਕੋਈ ਵਿਸ਼ੇਸ਼ ਸਮਾਗਮ, ਕ੍ਰਿਸ਼ਨਲੀਲਾ, ਝਾਕੀਆਂ ਅਤੇ ਲੰਗਰ ਨਹੀਂ ਲਗਾਏ ਗਏ ਕਿਉਂਕਿ ਕਰੋਨਾਵਾਇਰਸ ਮਹਾਮਾਰੀ ਕਾਰਨ ਸ਼ਰਧਾਲੂਆਂ ਦੀ ਆਮਦ ਸੀਮਤ ਕੀਤੀ ਗਈ ਸੀ। ਕਈ ਮੰਦਰਾਂ ਤੋਂ ਰਵਾਇਤੀ ਪੂਜਾ-ਪਾਠ ਦੀ ਵਿਧੀ ਆਨਲਾਈਨ ਦਿਖਾਈ ਗਈ। ਵੱਡੇ ਮੰਦਰਾਂ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ ਤਾਂ ਜੋ ਲੋਕ ਸਮਾਜਿਕ ਦੂਰੀ ਦੇ ਨੇਮਾਂ ਦੀ ਪਾਲਣਾ ਯਕੀਨੀ ਬਣਾਉਣ। ਭਗਵਾਨ ਕ੍ਰਿਸ਼ਨ ਦੇ ਜਨਮ ਅਸਥਾਨ ਮਥੁਰਾ ਤੋਂ ਇਲਾਵਾ ਵਰਿੰਦਾਵਨ, ਨੰਦਗਾਓਂ, ਮਹਾਬਨ ਅਤੇ ਬਾਲਦਿਓ ਵਿੱਚ ਵੀ ਜਨਮਅਸ਼ਟਮੀ ਮੌਕੇ ਜਸ਼ਨ ਮੱਠੇ ਰਹੇ। ਆਮ ਤੌਰ ’ਤੇ ਇਨ੍ਹਾਂ ਤੀਰਥ ਅਸਥਾਨਾਂ ’ਤੇ ਜਨਮਅਸ਼ਟਮੀ ਮੌਕੇ ਹਰ ਵਰ੍ਹੇ ਲੱਖਾਂ ਸ਼ਰਧਾਲੂ ਪੁੱਜਦੇ ਹਨ। ਇਸਕੋਨ ਮੰਦਰਾਂ ਵਿੱਚ ਵੀ ਸੀਮਤ ਸ਼ਰਧਾਲੂਆਂ ਨੂੰ ਪੂਜਾ ਕਰਨ ਦੀ ਆਗਿਆ ਦਿੱਤੀ ਗਈ।
-ਪੀਟੀਆਈ