ਜੰਮੂ, 7 ਜੂਨ
ਜੰਮੂ ਕਸ਼ਮੀਰ ਦੇ ਗਾਂਦਰਬਲ ਜ਼ਿਲ੍ਹੇ ’ਚ ਸਥਿਤ ਖੀਰ ਭਵਾਨੀ ਮੰਦਰ ’ਚ ਦਰਸ਼ਨਾਂ ਲਈ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਤਕਰੀਬਨ 250 ਸ਼ਰਧਾਲੂ ਸਰਕਾਰ ਵੱਲੋਂ ਮੁਹੱਈਆ ਕੀਤੀਆਂ ਬੱਸਾਂ ਰਾਹੀਂ ਰਵਾਨਾ ਹੋਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਨ੍ਹਾਂ ਸ਼ਰਧਾਲੂਆਂ ’ਚ ਜ਼ਿਆਦਾਤਰ ਸ਼ਰਨਾਰਥੀ ਕਸ਼ਮੀਰੀ ਪੰਡਿਤ ਭਾਈਚਾਰੇ ਦੇ ਲੋਕ ਸ਼ਾਮਲ ਹਨ।
ਮਸ਼ਹੂਰ ਰਾਗਨਿਆ ਦੇਵੀ ਮੰਦਰ ’ਚ ਲੱਗਣ ਵਾਲਾ ਮਾਤਾ ਖੀਰ ਭਵਾਨੀ ਮੇਲਾ ਸ਼ਰਨਾਰਥੀ ਕਸ਼ਮੀਰੀ ਪੰਡਿਤ ਭਾਈਚਾਰੇ ਦੇ ਸਭ ਤੋਂ ਵੱਡੇ ਧਾਰਮਿਕ ਸਮਾਗਮਾਂ ’ਚੋਂ ਇੱਕ ਹੈ। ਕੋਵਿਡ-19 ਕਾਰਨ ਦੋ ਸਾਲ ਤੱਕ ਬੰਦ ਰਹਿਣ ਤੋਂ ਬਾਅਦ ਇਸ ਸਾਲ ਇਹ ਮੇਲਾ ਅੱਠ ਜੂਨ ਨੂੰ ਹੋ ਰਿਹਾ ਹੈ। ਘਾਟੀ ’ਚ ਹਾਲ ਹੀ ’ਚ ਹੋਈਆਂ ਹੱਤਿਆਵਾਂ ਕਾਰਨ ਇਸ ਮੇਲੇ ’ਚ ਆਮ ਤੌਰ ’ਤੇ ਹੋਣ ਵਾਲੀ ਭੀੜ ਇਸ ਵਾਰ ਦਿਖਾਈ ਨਹੀਂ ਦਿੱਤੀ। ਜੰਮੂ ਦੇ ਡਿਵੀਜ਼ਨ ਕਮਿਸ਼ਨਰ ਰਮੇਸ਼ ਕੁਮਾਰ ਨੇ ਜੰਮੂ ਦੇ ਬਾਹਰੀ ਇਲਾਕੇ ’ਚ ਸਥਿਤ ਨਗਰੋਟਾ ਤੋਂ ਇਹ ਯਾਤਰਾ ਰਵਾਨਾ ਕੀਤੀ। ਉਨ੍ਹਾਂ ਕਿਹਾ ਕਿ ਇਸ ਧਾਰਮਿਕ ਯਾਤਰਾ ਨੂੰ ਅਮਨ ਅਮਾਨ ਨਾਲ ਨੇਪਰੇ ਚਾੜ੍ਹਨ ਲਈ ਜੰਮੂ ਤੇ ਕਸ਼ਮੀਰ ਦੋਵਾਂ ਡਿਵੀਜ਼ਨਾਂ ’ਚ ਸੁਰੱਖਿਆ ਦੇ ਸਖਤ ਬੰਦੋਬਸਤ ਕੀਤੇ ਗਏ ਹਨ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ, ‘ਤਕਰੀਬਨ 250 ਕਸ਼ਮੀਰੀ ਪੰਡਿਤ ਤੇ ਜੰਮੂ ਦੇ ਸਥਾਨਕ ਲੋਕ ਕਸ਼ਮੀਰ ਲਈ ਰਵਾਨਾ ਹੋਏ ਹਨ। ਸਰਕਾਰ ਨੇ ਸੁਰੱਖਿਅਤ ਤੀਰਥ ਯਾਤਰਾ ਲਈ ਲੋੜੀਂਦੇ ਇੰਤਜ਼ਾਮ ਕੀਤੇ ਹਨ। ਉਨ੍ਹਾਂ ਕਿਹਾ ਕਿ ਸ਼ਰਧਾਲੂ ਭਲਕੇ ਮੰਦਰ ਦੇ ਦਰਸ਼ਨ ਕਰਨਗੇ ਤੇ ਇੱਕ ਦਿਨ ਬਾਅਦ ਜੰਮੂ ਮੁੜ ਆਉਣਗੇ।’ -ਪੀਟੀਆਈ