ਕੋਲਕਾਤਾ, 4 ਦਸੰਬਰ
ਚੱਕਰਵਾਤ ‘ਜਵਾਦ’ ਦੇ ਉੜੀਸਾ-ਆਂਧਰਾ ਪ੍ਰਦੇਸ਼ ਤੱਟ ਵੱਲ ਵਧਣ ਵਿਚਾਲੇ ਪੱਛਮੀ ਬੰਗਾਲ ਸਰਕਾਰ ਨੇ ਅੱਜ ਦੱਖਣੀ 24 ਪਰਗਨਾ ਤੇ ਪੂਰਬੀ ਮੇਦਨੀਪੁਰ ਜ਼ਿਲ੍ਹਿਆਂ ਤੋਂ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਤੇ ਸੈਲਾਨੀਆਂ ਨੂੰ ਸਮੁੰਦਰੀ ਕੰਢਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।
ਭਾਰਤੀ ਮੌਸਮ ਵਿਭਾਗ ਦੇ ਬੁਲਾਰੇ ਨੇ ਕਿਹਾ, ‘ਜਵਾਦ ਪਿਛਲੇ ਛੇ ਘੰਟਿਆਂ ’ਚ ਹੌਲੀ-ਹੌਲੀ ਚਾਰ ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਤਰ ਦਿਸ਼ਾ ਵੱਲ ਵੱਧ ਰਿਹਾ ਹੈ ਤੇ ਇਹ ਸਵੇਰੇ 5.30 ਵਜੇ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਤੋਂ 230 ਕਿਲੋਮੀਟਰ ਦੱਖਣ-ਪੂਰਬ, ਉੜੀਸਾ ਦੇ ਗੋਪਾਲਪੁਰ ਦੇ 340 ਕਿਲੋਮੀਟਰ ਦੱਖਣ, ਪੁਰੀ (ਉੜੀਸਾ) ਦੇ 410 ਕਿਲੋਮੀਟਰ ਦੱਖਣ-ਦੱਖਣ ਪੂਰਬ ਅਤੇ ਪਾਰਾਦੀਪ (ਉੜੀਸਾ) ਦੇ 490 ਕਿਲੋਮੀਟਰ ਦੱਖਣ-ਪੂਰਬ ’ਚ ਕੇਂਦਰਿਤ ਸੀ।’ ਇਸ ਸਬੰਧ ’ਚ ਇੱਕ ਅਧਿਕਾਰੀ ਨੇ ਦੱਸਿਆ ਕਿ ਦੱਖਣੀ 24 ਪਰਗਨਾ ਤੇ ਪੂਰਬ ਮੇਦਨੀਪੁਰ ਜ਼ਿਲ੍ਹਿਆਂ ’ਚ ਪ੍ਰਸ਼ਾਸਨ ਨੇ ਤੱਟੀ ਖੇਤਰਾਂ ਤੋਂ ਤਕਰੀਬਨ 11 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਹੈ ਜਦਕਿ ਮਛੇਰੇ ਆਪਣੀਆਂ ਬੇੜੀਆਂ ਸਮੇਤ ਕਾਕਦੀਪ, ਦੀਘਾ, ਸ਼ੰਕਰਪੁਰ ਤੇ ਹੋਰਨਾਂ ਤੱਟੀ ਖੇਤਰਾਂ ’ਚ ਵਾਪਸ ਆ ਗਏ ਹਨ। ਇਸੇ ਦੌਰਾਨ ਮੌਸਮ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਚੱਕਰਵਾਤ ਦੇ ਉੱਤਰ-ਉੱਤਰ ਪੱਛਮ ਵੱਲ ਵਧਣ ਤੇ ਪੱਛਮ-ਮੱਧ ਬੰਗਾਲ ਦੀ ਖਾੜੀ ਤੱਕ ਪਹੁੰਚਣ ਅਤੇ ਇਸ ਤੋਂ ਬਾਅਦ ਉੱਤਰ-ਉੱਤਰ ਪੂਰਬ ਵੱਲ ਇਸ ਦੇ ਮੁੜ ਵਧਣ, ਪੰਜ ਦਸੰਬਰ ਨੂੰ ਤਕਰੀਬਨ ਦੁਪਹਿਰ ਸਮੇਂ ਉੜੀਸਾ ਤੱਟ ’ਤੇ ਇਸ ਦੇ ਪੁਰੀ ਨੇੜੇ ਪਹੁੰਚਣ ਤੇ ਹੌਲੀ-ਹੌਲੀ ਕਮਜ਼ੋਰ ਹੋਣ ਦੀ ਸੰਭਾਵਨਾ ਹੈ। -ਪੀਟੀਆਈ