ਨਵੀਂ ਦਿੱਲੀ, 26 ਜੂਨ
ਦੇਸ਼ ਵਿੱਚ ਨਵੇਂ ਰਾਸ਼ਟਰਪਤੀ ਦੀ ਚੋਣ ਲਈ ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨਹਾ ਨੇ ਅੱਜ ਇਥੇ ਇੰਟਰਵਿਊ ਦੌਰਾਨ ਕਿਹਾ ਕਿ ਜਯੰਤ ਸਿਨਹਾ ਵੱਲੋਂ ਸਮਰਥਨ ਨਾ ਮਿਲਣ ਕਾਰਨ ਉਹ ਕਿਸੇ ਧਰਮ ਸੰਕਟ ਵਿੱਚ ਨਹੀਂ ਹਨ। ਜਯੰਤ ਆਪਣਾ ‘ਰਾਜ ਧਰਮ’ ਨਿਭਾਅ ਰਿਹਾ ਹੈ ਤੇ ਮੈਂ ਆਪਣਾ ‘ਰਾਸ਼ਟਰ ਧਰਮ’ ਨਿਭਾਅ ਰਿਹਾ ਹਾਂ। ਜ਼ਿਕਰਯੋਗ ਹੈ ਕਿ ਯਸ਼ਵੰਤ ਸਿਨਹਾ ਦਾ ਪੁੱਤਰ ਜਯੰਤ ਸਿਨਹਾ ਭਾਜਪਾ ਤੋਂ ਸੰਸਦ ਮੈਂਬਰ ਹੈ। ਸ੍ਰੀ ਸਿਨਹਾ ਨੇ ਕਿਹਾ ਕਿ ਇਹ ਚੋਣਾਂ ਰਾਸ਼ਟਰਪਤੀ ਦੀ ਚੋਣ ਤੋਂ ਵੱਧ ਕੇ ਹਨ। ਇਹ ਚੋਣਾਂ ਮੌਜੂਦਾ ਸਰਕਾਰ ਦੀਆਂ ‘ਤਾਨਾਸ਼ਾਹੀ’ ਨੀਤੀਆਂ ਨੂੰ ਠੱਲ੍ਹਣ ਵੱਲ ਇਕ ਕਦਮ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਰਾਹੀਂ ਦੇਸ਼ ਵਾਸੀਆਂ ਨੂੰ ਇਕ ਸੁਨੇਹਾ ਜਾਵੇਗਾ ਕਿ ਅਜਿਹੀਆਂ ‘ਤਾਨਾਸ਼ਾਹੀ’ ਨੀਤੀਆਂ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਲੋਕ ਜਾਗਰੂਕ ਨਹੀਂ ਹੁੰਦੇ, ਉਦੋਂ ਤਕ ਪੂਰੇ ਸਿਸਟਮ ਵਿੱਚ ਸੁਧਾਰ ਨਹੀਂ ਹੋ ਸਕਦਾ।
ਸ੍ਰੀ ਸਿਨਹਾ ਨੇ ਕਿਹਾ ਕਿ ਦੇਸ਼ ਦੀ ਜਮਹੂਰੀਅਤ ਤੇ ਸੰਵਿਧਾਨ ਖ਼ਤਰੇ ਵਿੱਚ ਹਨ ਤੇ ਦੇਸ਼ ਨੂੰ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਹੋਣਾ ਪਏਗਾ। ਉਨ੍ਹਾਂ ਕਿਹਾ ਕਿ ਦੇਸ਼ ਦਾ ਸਿਆਸੀ ਸਿਸਟਮ ਕਈ ਕਮਜ਼ੋਰੀਆਂ ਨਾਲ ਜੂਝ ਰਿਹਾ ਹੈ ਜਿਸ ਕਾਰਨ ਲੋਕਾਂ ਨੂੰ ਸੜਕਾਂ ’ਤੇ ਆਉਣਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਰਾਸ਼ਟਰਪਤੀ ਭਵਨ ਵਿੱਚ ਇਕ ਹੋਰ ‘ਰਬੜ ਸਟੈਂਪ’ ਆ ਗਿਆ ਤਾਂ ਉਹ ਵਿਨਾਸ਼ਕਾਰੀ ਹੋਵੇਗਾ।
ਦੱਸਣਯੋਗ ਹੈ ਕਿ ਸ੍ਰੀ ਸਿਨਹਾ ਰਾਸ਼ਟਰਪਤੀ ਚੋਣ ਲਈ ਸੋਮਵਾਰ ਨੂੰ ਨਾਮਜ਼ਦਗੀ ਦਾਖਲ ਕਰਨਗੇ ਤੇ ਉਮੀਦ ਹੈ ਕਿ ਇਸ ਮੌਕੇ ਕਾਂਗਰਸੀ ਆਗੂ ਰਾਹੁਲ ਗਾਂਧੀ, ਮਲਿਕਾਰੁਜਨ ਖੜਗੇ, ਸੀਤਾਰਾਮ ਯੇਚੁਰੀ, ਸ਼ਰਦ ਪਵਾਰ ਤੇ ਮਮਤਾ ਬੈਨਰਜੀ ਵੀ ਉਨ੍ਹਾਂ ਦੇ ਨਾਲ ਹੋਣਗੇ। ਨਵੇਂ ਰਾਸ਼ਰਪਤੀ ਦੀ ਚੋਣ ਲਈ 18 ਜੁਲਾਈ ਨੂੰ ਵੋਟਾਂ ਪੈਣਗੀਆਂ ਅਤੇ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀਅਤ ਗਠਜੋੜ (ਐੱਨਡੀਏ) ਨੇ ਦਰੋਪਦੀ ਮੁਰਮੂ ਨੂੰ ਆਪਣੀ ਉਮੀਦਵਾਰ ਐਲਾਨਿਆ ਹੈ। -ਪੀਟੀਆਈ