ਨਵੀਂ ਦਿੱਲੀ, 3 ਸਤੰਬਰ
ਸੀਬੀਆਈ ਨੇ ਜੇਈਈ ਮੇਨਜ਼ ਦੀ ਪ੍ਰੀਖਿਆ (2021) ਵਿੱਚ ਕਥਿਤ ਧਾਂਦਲੀ ਕਰਨ ਦੇ ਦੋਸ਼ ਹੇਠ ਨੋਇਡਾ ਆਧਾਰਿਤ ਪ੍ਰਾਈਵੇਟ ਸੰਸਥਾ ਦੇ ਦੋ ਡਾਇਰੈਕਟਰਾਂ ਸਣੇ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਅਧਿਕਾਰੀਆਂ ਨੇ ਦਿੱਤੀ। ਜ਼ਿਕਰਯੋਗ ਹੈ ਕਿ ਏਫਿਨਿਟੀ ਐਜੂਕੇਸ਼ਨ ਪ੍ਰਾਈਵੇਟ ਲਿਮਟਿਡ ਦੇ ਤਿੰਨ ਡਾਇਰੈਕਟਰਾਂ ਸਿਧਾਰਥ ਕ੍ਰਿਸ਼ਨਾ, ਵਿਸ਼ੰਭਰ ਮਨੀ ਤ੍ਰਿਪਾਠੀ ਅਤੇ ਗੋਵਿੰਦ ਵਰਸ਼ਨੇ ਸਣੇ ਹੋਰਨਾਂ ਖ਼ਿਲਾਫ਼ ਕੇਸ ਦਰਜ ਹੋਣ ਮਗਰੋਂ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਏਜੰਸੀ ਨੇ ਕ੍ਰਿਸ਼ਨਾ ਅਤੇ ਤ੍ਰਿਪਾਠੀ ਤੋਂ ਇਲਾਵਾ ਚਾਰ ਮੁਲਾਜ਼ਮਾਂ ਰਿਤਿਕ ਸਿੰਘ, ਅੰਜੁਮ ਦਵੋਦਾਨੀ, ਅਨੀਮੇਸ਼ ਕੁਮਾਰ ਸਿੰਘ ਅਤੇ ਅਜਿੰਕਿਆ ਨਰਹਰੀ ਪਾਟਿਲ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਕ ਹੋਰ ਵਿਅਕਤੀ ਰਣਜੀਤ ਸਿੰਘ ਠਾਕੁਰ ਨੂੰ ਜਮਸ਼ੇਦਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਚੇਤੇ ਰਹੇ ਸੀਬੀਆਈ ਨੇ ਵੀਰਵਾਰ ਨੂੰ 19 ਥਾਵਾਂ ’ਤੇ ਛਾਪੇ ਮਾਰੇ ਸਨ। -ਪੀਟੀਆਈ