ਕਾਨਪੁਰ, 10 ਜੁਲਾਈ
ਕਾਨਪੁਰ ਦੇ ਬਿੱਕਰੂ ਪਿੰਡ ਵਿਚ ਅੱਠ ਪੁਲੀਸ ਮੁਲਾਜ਼ਮਾਂ ਦੇ ਕਤਲ ਕੇਸ ਦੇ ਮੁੱਖ ਮੁਲਜ਼ਮ ਵਿਕਾਸ ਦੁਬੇ ਨੂੰ ਅੱਜ ਸਵੇਰੇ ਸਾਢੇ ਛੇ ਵਜੇ ਕਾਨਪੁਰ ਦੇ ਭੂਟੀ ਖੇਤਰ ਵਿਚ ਕਥਿਤ ਪੁਲੀਸ ਮੁਕਾਬਲੇ ਵਿਚ ਮਾਰ ਦਿੱਤਾ ਗਿਆ। ਪੁਲੀਸ ਦੇ ਅਨੁਸਾਰ ਦੁਬੇ ਨੇ ਉਜੈਨ ਤੋਂ ਕਾਨਪੁਰ ਲਿਆਉਂਦੇ ਸਮੇਂ ਸੜਕ ਹਾਦਸੇ ਵਿੱਚ ਪੁਲੀ ਦੀ ਗੱਡੀ ਉਲਟ ਗਈ ਤੇ ਦੁਬੇ ਨੇ ਪੁਲੀਸ ਮੁਲਾਜ਼ਮ ਦਾ ਰਿਵਾਲਰ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਸ ਨੂੰ ਜਦੋਂ ਲਲਕਾਰਿਆ ਗਿਆ ਤਾਂ ਉਸ ਨੇ ਪੁਲੀਸ ’ਤੇ ਗੋਲੀ ਚਲਾ ਦਿੱਤੀ ਜਿਸ ਕਾਰਨ ਪੁਲੀਸ ਨੇ ਜਵਾਬੀ ਕਾਰਵਾਈ ਕੀਤੀ ਤੇ ਉਹ ਮਾਰਿਆ ਗਿਆ।
ਪੁਲੀਸ ਦੀ ਗੱਡੀ ਉਲਟਣ ਕਾਰਨ ਇੰਸਪੈਕਟਰ ਸਣੇ ਚਾਰ ਪੁਲੀਸ ਮੁਲਾਜ਼ਮ ਵੀ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ। ਕਾਨਪੁਰ ਦੇ ਸੀਨੀਅਰ ਪੁਲੀਸ ਕਪਤਾਨ ਦਿਨੇਸ਼ ਕੁਮਾਰ ਪੀ ਨੇ ਦੱਸਿਆ ਕਿ ਭਾਰੀ ਬਾਰਸ਼ ਹੋ ਰਹੀ ਸੀ ਇਸ ਦੌਰਾਨ ਪੁਲੀਸ ਦੀ ਗੱਡੀ ਡਿਵਾਈਡਰ ਨੂੰ ਟਕਰਾਅ ਗਈ ਤੇ ਉਹ ਉਲਟ ਗਈ। ਉਸ ਵਿੱਚ ਬੈਠੇ ਪੁਲੀਸ ਮੁਲਾਜ਼ਮ ਨੂੰ ਜ਼ਖਮੀ ਹੋ ਗਏ ਤੇ ਵਿਕਾਸ ਦੁਬੇ ਨੇ ਮੌਕੇ ਦਾ ਲਾਹ ਲੈਂਦਿਆਂ ਮੁਲਾਜ਼ਮ ਦੀ ਪਿਸਤੌਲ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਐੱਸਟੀਐੱਫ ਦੀ ਟੀਮ ਨੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਪਰਾਧੀ ਨੇ ਗੋਲੀ ਚਲਾ ਦਿੱਤੀ ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ ਤੇ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ। ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਕਿਹਾ ਹੈ ਕਿ ਦੁਬੇ ਦੀ ਮੌ ਤੇ ਸਾਰੇ ਮਾਮਲੇ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਹੋਣੀ ਚਾਹੀਦੀ ਹੈ। ਸਮਾਜਵਾਦੀ ਪਾਰਟੀ ਦੇ ਸੁਪਰੀਮੋ ਅਖਿਲੇਸ਼ ਯਾਦਵ ਨੇ ਕਿਹਾ ਹੈ ਕਿ ਇਹ ਕਾਰ ਪਲਟੀ ਨਹੀਂ, ਸਰਕਾਰ ਨੂੰ ਪਲਟਣ ਤੋਂ ਬਚਾਅ ਲਿਆ ਗਿਆ ਹੈ। ਯਾਦਵ ਨੇ ਟਵੀਟ ਕਰਦਿਆਂ ਕਿਹਾ, “ਅਸਲ ਵਿੱਚ ਇਹ ਕਾਰ ਪਲਟ ਨਹੀਂ ਗਈ, ਰਾਜ਼ ਖੁੱਲਣ ਦੇ ਡਰੋਂ ਸਰਕਾਰ ਪਲਟਣ ਤੋਂ ਬਚਾਈ ਹੈ।” ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸ਼ੁੱਕਰਵਾਰ ਨੂੰ ਸਵਾਲ ਕੀਤਾ ਕਿ ਵਿਕਾਸ ਦੁਬੇ ਤਾਂ ਮਾਰ ਦਿੱਤਾ ਗਿਆ ਪਰ ਉਸ ਦੇ ਸਿਰ ’ਤੇ ਹੱਥ ਰੱਖਣ ਵਾਲਿਆਂ ਦਾ ਕੀ ਹੋਵੇਗਾ।