ਰਾਂਚੀ, 4 ਜੁਲਾਈ
ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਵੱਲੋਂ ਦਿੱਤੇ ਸੱਦੇ ਮਗਰੋਂ ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਦੇ ਆਗੂ ਹੇਮੰਤ ਸੋਰੇਨ ਅੱਜ ਸ਼ਾਮੀਂ 5 ਵਜੇ ਰਾਜ ਭਵਨ ਵਿਚ ਮੁੱਖ ਮੰਤਰੀ ਵਜੋਂ ਹਲਫ਼ ਲੈਣਗੇ। ਕਾਂਗਰਸ ਦੀ ਝਾਰਖੰਡ ਇਕਾਈ ਦੇ ਪ੍ਰਧਾਨ ਰਾਜੇਸ਼ ਠਾਕੁਰ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਗੱਠਜੋੜ ਦੇ ਆਗੂਆਂ ਦੀ ਇਥੇ ਸੋਰੇਨ ਦੀ ਰਿਹਾਇਸ਼ ’ਤੇ ਹੋਈ ਬੈਠਕ ਦੌਰਾਨ ਹਲਫ਼ਦਾਰੀ ਸਮਾਗਮ 7 ਜੁਲਾਈ ਦੀ ਥਾਂ ਅੱਜ ਰੱਖਣ ਬਾਰੇ ਫੈਸਲਾ ਲਿਆ ਗਿਆ। ਉਧਰ ਰਾਜ ਭਵਨ ਦੇ ਅਧਿਕਾਰੀ ਨੇ ਕਿਹਾ, ‘‘ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਸ਼ਾਮੀਂ 5 ਵਜੇ ਰਾਜ ਭਵਨ ਵਿਚ ਹੇਮੰਤ ਸੋਰੇਨ ਨੂੰ ਅਹੁਦੇ ਦਾ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਉਣਗੇ।’’ ਇਸ ਤੋਂ ਪਹਿਲਾਂ ਜੇਐੱਮਐੱਮ ਨੇ ਹਲਫ਼ਦਾਰੀ ਸਮਾਗਮ ਦੀ ਤਰੀਕ 7 ਜੁਲਾਈ ਦੱਸੀ ਸੀ ਪਰ ਮਗਰੋਂ ਜੇਐੱਮਐੱਮ ਦੀ ਅਗਵਾਈ ਵਾਲੇ ਗੱਠਜੋੜ ਨੇ ਫੈਸਲਾ ਕੀਤਾ ਕਿ ਸੋਰੇਨ 7 ਜੁਲਾਈ ਦੀ ਥਾਂ ਅੱਜ (ਵੀਰਵਾਰ ਨੂੰ) ਹੀ ਹਲਫ਼ ਲੈਣਗੇ।
ਚੰਪਈ ਸੋਰੇਨ ਵੱਲੋਂ ਬੁੱਧਵਾਰ ਨੂੰ ਮੁੱਖ ਮੰਤਰੀ ਵਜੋਂ ਅਸਤੀਫਾ ਦੇਣ ਮਗਰੋਂ ਹੇਮੰਤ ਸੋਰੇਨ, ਜੋ ਮਨੀ ਲਾਂਡਰਿੰਗ ਕੇਸ ਵਿਚ ਜ਼ਮਾਨਤ ’ਤੇ ਹਨ, ਦੀ ਅਗਵਾਈ ਵਾਲੇ ਵਫ਼ਦ ਨੇ ਬੁੱਧਵਾਰ ਨੂੰ ਰਾਜ ਭਵਨ ਵਿਚ ਰਾਜਪਾਲ ਰਾਧਾਕ੍ਰਿਸ਼ਨਨ ਨਾਲ ਮੁਲਾਕਾਤ ਕਰੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਸੀ। ਵਫ਼ਦ ਵਿਚ ਕਾਂਗਰਸ ਦੀ ਝਾਰਖੰਡ ਇਕਾਈ ਦੇ ਪ੍ਰਧਾਨ ਰਾਜੇਸ਼ ਠਾਕੁਰ, ਆਰਜੇਡੀ ਮੰਤਰੀ ਸੱਤਿਆਨੰਦ ਭੋਕਤਾ, ਵਿਧਾਇਕ ਵਿਨੋਦ ਸਿੰਘ ਤੇ ਹੇਮੰਤ ਸੋਰੇਨ ਦੀ ਵਿਧਾਇਕ ਪਤਨੀ ਕਲਪਨਾ ਸੋਰੇਨ ਵੀ ਸ਼ਾਮਲ ਸੀ। -ਪੀਟੀਆਈ