ਅਹਿਮਦਾਬਾਦ: ਗੁਜਰਾਤ ਦੇ ਆਜ਼ਾਦ ਵਿਧਾਇਕ ਅਤੇ ਦਲਿਤ ਆਗੂ ਜਿਗਨੇਸ਼ ਮੇਵਾਨੀ ਨੇ ਸ਼ਨਿੱਚਰਵਾਰ ਨੂੰ ਐਲਾਨ ਕੀਤਾ ਕਿ ਉਹ ਜੇਐਨਯੂ ਦੇ ਸਾਬਕਾ ਵਿਦਿਆਰਥੀ ਆਗੂ ਕਨ੍ਹੱਈਆ ਕੁਮਾਰ ਸਣੇ 28 ਸਤੰਬਰ ਨੂੰ ਕਾਂਗਰਸ ਵਿਚ ਸ਼ਾਮਲ ਹੋਣਗੇ। ਜ਼ਿਕਰਯੋਗ ਹੈ ਕਿ ਇਹ ਐਲਾਨ ਗੁਜਰਾਤ ਵਿਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਇਆ ਹੈ। ਸ੍ਰੀ ਮੇਵਾਨੀ ਨੇ ਸਾਲ 2017 ਵਿੱਚ ਬਨਾਸਕਾਂਠਾ ਜ਼ਿਲ੍ਹੇ ਦੇ ਵਡਗਾਮ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੀ ਹਮਾਇਤ ਨਾਲ ਚੋਣ ਜਿੱਤੀ ਸੀ। ਸ੍ਰੀ ਮੇਵਾਨੀ ਨੇ ਕਿਹਾ,‘‘ਮੈਂ ਕਨ੍ਹੱਈਆ ਕੁਮਾਰ ਸਣੇ 28 ਸਤੰਬਰ ਨੂੰ ਕਾਂਗਰਸ ਵਿੱਚ ਸ਼ਾਮਲ ਹੋਵਾਂਗਾ।’’ ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਹੋਰ ਜ਼ਿਆਦਾ ਗੱਲਬਾਤ ਸ਼ਮੂਲੀਅਤ ਤੋਂ ਬਾਅਦ ਵਿਚ ਕਰਨਗੇ। ਉਨ੍ਹਾਂ ਕਿਹਾ ਕਿ ਦਿੱਲੀ ਹੋਣ ਵਾਲੇ ਸਮਾਗਮ ਵਿਚ ਰਾਹੁਲ ਗਾਂਧੀ ਉਨ੍ਹਾਂ ਨੂੰ ਕਾਂਗਰਸ ਵਿੱਚ ਸ਼ਾਮਲ ਕਰਨਗੇ। ਇਸ ਦੌਰਾਨ ਗੁਜਰਾਤ ਦੇ ਕਾਰਜਕਾਰੀ ਪਾਰਟੀ ਪ੍ਰਧਾਨ ਹਾਰਦਿਕ ਪਟੇਲ ਵੀ ਹਾਜ਼ਰ ਰਹਿਣਗੇ। ਇਸ ਸਬੰਧੀ ਹਾਰਦਿਕ ਪਟੇਲ ਨੇ ਕਿਹਾ ਕਿ ਉਹ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ ਅਤੇ ਸਰਦਾਰ ਪਟੇਲ ਨੂੰ ਆਦਰਸ਼ ਮੰਨਦਿਆਂ ਮੁਲਕ ਦੇ ਵਿਕਾਸ ਵਿਚ ਯੋਗਦਾਨ ਪਾਉਣ ਦੀ ਇੱਛਾ ਰੱਖਣ ਵਾਲੀ ਜਵਾਨੀ ਨੂੰ ਪਾਰਟੀ ਵਿਚ ‘ਜੀ ਆਇਆਂ’ ਕਹਿਣਗੇ। ਉਨ੍ਹਾਂ ਕਿਹਾ ਕਿ ਸੀ ਮੇਵਾਨੀ ਪੁਰਾਣੇ ਮਿੱਤਰ ਹਨ। ਉਨ੍ਹਾਂ ਦੀ ਸ਼ਮੂਲੀਅਤ ਪਾਰਟੀ ਨੂੰ ਮਜ਼ਬੂਤੀ ਪ੍ਰਦਾਨ ਕਰੇਗੀ। ਗੁਜਰਾਤ ਕਾਂਗਰਸ ਦੇ ਮੁੱਖ ਬੁਲਾਰੇ ਮਨੀਸ਼ ਦੋਸ਼ੀ ਨੇ ਕਿਹਾ ਕਿ ਮੇਵਾਨੀ 2017 ਦੀਆਂ ਚੋਣਾਂ ਵਿੱਚ ਕਾਂਗਰਸੀ ਵਰਕਰਾਂ ਦੇ ਸਮਰਥਨ ਨਾਲ ਵਿਧਾਇਕ ਬਣੇ ਸਨ ਅਤੇ ਉਨ੍ਹਾਂ ਦੇ ਦਾਖ਼ਲੇ ਨਾਲ ਭਾਜਪਾ ਦੀ ਭ੍ਰਿਸ਼ਟ ਨੀਤੀਆਂ ਵਿਰੁੱਧ ਪਾਰਟੀ ਦੀ ਲੜਾਈ ਮਜ਼ਬੂਤ ਹੋਵੇਗੀ। ਸ੍ਰੀ ਦੋਸ਼ੀ ਨੇ ਕਿਹਾ ਕਿ ਕਾਂਗਰਸ ਪਾਰਟੀ ਹਰ ਉਸ ਵਿਅਕਤੀ ਦਾ ਸਵਾਗਤ ਕਰਦੀ ਹੈ ਜੋ ਭਾਜਪਾ ਦੀਆਂ ਭ੍ਰਿਸ਼ਟ ਨੀਤੀਆਂ ਦੇ ਵਿਰੁੱਧ ਲੜਦਾ ਹੈ। -ਪੀਟੀਆਈ