ਬਾਰਪੇਟਾ(ਅਸਾਮ), 28 ਅਪਰੈਲ
ਸਥਾਨਕ ਕੋਰਟ ਨੇ ਗੁਜਰਾਤ ਦੇ ਦਲਿਤ ਆਗੂ ਤੇ ਆਜ਼ਾਦ ਵਿਧਾਇਕ ਜਿਗਨੇਸ਼ ਮੇਵਾਨੀ ਨੂੰ ਮਹਿਲਾ ਪੁਲੀਸ ਮੁਲਾਜ਼ਮ ’ਤੇ ਕਥਿਤ ‘ਹਮਲੇ’ ਨਾਲ ਜੁੜੇ ਕੇਸ ਵਿੱਚ ਜ਼ਮਾਨਤ ਦੇ ਦਿੱਤੀ ਹੈ। ਬਾਰਪੇਟਾ ਜ਼ਿਲ੍ਹਾ ਤੇ ਸੈਸ਼ਨ ਜੱਜ ਪਾਰੇਸ਼ ਚੱਕਰਬਰਤੀ ਨੇ ਮੇਵਾਨੀ ਨੂੰ ਇਕ ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ ’ਤੇ ਜ਼ਮਾਨਤ ਦਿੱਤੀ ਹੈ। ਜੱਜ ਨੇ ਲੰਘੇ ਦਿਨ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਸੀ। ਮੇਵਾਨੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਕੀਤੇ ਭੜਕਾਊ ਟਵੀਟ ਲਈ ਅਸਾਮ ਪੁਲੀਸ ਨੇ ਪਿਛਲੇ ਦਿਨੀਂ ਗੁਜਰਾਤ ਤੋਂ ਗ੍ਰਿਫ਼ਤਾਰ ਕੀਤਾ ਸੀ। ਹਾਲਾਂਕਿ ਇਸ ਕੇਸ ਵਿੱਚ ਮੇਵਾਨੀ ਨੂੰ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ। ਮੇਵਾਨੀ ਨੇ ਅੱਜ ਦੂਜੇ ਕੇਸ ਵਿੱਚ ਜ਼ਮਾਨਤ ਮਿਲਣ ਮਗਰੋਂ ਕਿਹਾ ਕਿ ਸੱਤਾਧਾਰੀ ਭਾਜਪਾ ਉਨ੍ਹਾਂ ਨੂੰ ਫਸਾਉਣ ਲਈ ਇਕ ਮਹਿਲਾ ਦਾ ਸਹਾਰਾ ਲੈ ਰਹੀ ਹੈ, ਜੋ ਕਿ ‘ਬੁਜ਼ਦਿਲਾਨਾ ਕਾਰਵਾਈ’ ਹੈ। -ਪੀਟੀਆਈ