ਜੰਮੂ, 10 ਫਰਵਰੀ
ਜੰਮੂ-ਕਸ਼ਮੀਰ ਨੈਸ਼ਨਲ ਪੈਂਥਰ ਪਾਰਟੀ (ਜੇਕੇਐੱਨਪੀਪੀ) ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਬਲਵੰਤ ਸਿੰਘ ਮਨਕੋਟੀਆ ਨੇ ਅੱਜ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਸ੍ਰੀ ਮਨਕੋਟੀਆ, ਜੋ ਕਿ ਊਧਮਪੁਰ ਹਲਕੇ ਤੋਂ ਦੋ ਵਾਰ ਵਿਧਾਇਕ ਰਹੇ, 6 ਫਰਵਰੀ ਨੂੰ ਦੁਬਾਰਾ ਪਾਰਟੀ ਪ੍ਰਧਾਨ ਚੁਣੇ ਗਏ ਸਨ। ਉਹ ਪਿਛਲੇ ਇੱਕ ਦਹਾਕੇ ਤੋਂ ਇਸ ਅਹੁਦੇ ’ਤੇ ਸਨ। ਮਨਕੋਟੀਆ ਨੇ ਫੇਸਬੁਕ ’ਤੇ ਵੀਡੀਓ ਸੁਨੇਹੇ ’ਚ ਕਿਹਾ, ‘ਮੈਂ ਭਰੇ ਮਨ ਨਾਲ ਪਾਰਟੀ ਦੇ ਸਾਰੇ ਅਹੁਦਿਆਂ ਅਤੇ ਜ਼ਿੰਮੇਵਾਰੀਆਂ ਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਆਪਣੇ ਅਸਤੀਫ਼ੇ ਦਾ ਐਲਾਨ ਕਰਦਾ ਹਾਂ।’ ਜੇਕੇਐੱਨਪੀਪੀ ਆਗੂ ਮਨਕੋਟੀਆ ਨੇ ਕਿਹਾ ਕਿ ਨਾ ਟਾਲੇ ਜਾ ਸਕਣ ਵਾਲੇ ਹਾਲਾਤ ਕਾਰਨ ਉਹ ਕਾਹਲੀ ਵਿੱਚ ਅਤੇ ਸਾਥੀਆਂ ਤੇ ਵਰਕਰਾਂ ਨਾਲ ਸਲਾਹ ਕੀਤੇ ਬਿਨਾਂ ਇਹ ਫ਼ੈਸਲਾ ਲੈਣ ਲਈ ਮਜਬੂਰ ਹੋਏ ਹਨ। ਉਨ੍ਹਾਂ ਸੰਕੇਤ ਦਿੱਤੇ ਕਿ ਉਹ ਪਰਿਵਾਰ ’ਚ ਸੱਤਾ ਦੇ ਝਗੜੇ ਕਾਰਨ ਅਸਤੀਫ਼ਾ ਦੇ ਰਹੇ ਹਨ। ਉਨ੍ਹਾਂ ਕਿਹਾ, ‘ਜੇਕਰ ਮੈਂ ਅਸਤੀਫ਼ਾ ਨਾ ਦਿੰਦਾ ਤਾਂ ਪਰਿਵਾਰ ਦੇ ਮਾਮਲੇ ਜਨਤਕ ਹੋਣ ਦੀ ਸੰਭਾਵਨਾ ਸੀ। ਮੈਂ ਜੇਕੇਐੱਲਪੀਪੀ ਦੇ ਸੰਸਥਾਪਕ ਅਤੇ ਸਰਪ੍ਰਸਤ ਭੀਮ ਸਿੰਘ ਨੂੰ ਅਪੀਲ ਕਰਦਾ ਹਾਂ ਕਿ ਹਰਸ਼ਦੇਵ ਸਿੰਘ ਯੋਗ ਅਤੇ ਪਾਰਟੀ ਦੇ ਹੱਕ ’ਚ ਹਨ। ਉਨ੍ਹਾਂ ਨੂੰ ਪਾਰਟੀ ਦੀ ਪੂਰੀ ਜ਼ਿੰਮੇਵਾਰੀ ਸੌਂਪੀ ਜਾਣੀ ਚਾਹੀਦੀ ਹੈ।’ ਜ਼ਿਕਰਯੋਗ ਹੈ ਕਿ ਭੀਮ ਸਿੰਘ ਅਤੇ ਹਰਸ਼ਦੇਵ ਸਿੰੰਘ ਦੋਵੇਂ ਹੀ ਮਨਕੋਟੀਆ ਦੇ ਰਿਸ਼ਤੇਦਾਰ ਹਨ। ਮਨਕੋਟੀਆ ਨੇ ਆਪਣੇ ਸਮਰਥਕਾਂ ਨੂੰ ਵੀ ਵੀਰਵਾਰ ਊਧਮਵਾਰ ’ਚ ਹੋਣ ਵਾਲੀ ਮੀਟਿੰਗ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ। -ਪੀਟੀਆਈ