ਨਵੀਂ ਦਿੱਲੀ, 7 ਜੂਨ
ਸੀਬੀਆਈ ਨੇ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੀ ਕਥਿਤ ਸ਼ਮੂਲੀਅਤ ਵਾਲੇ ਨੌਕਰੀ ਬਦਲੇ ਜ਼ਮੀਨ ਘੁਟਾਲੇ ਦੇ ਸਬੰਧ ਵਿੱਚ ਆਪਣੀ ਅੰਤਿਮ ਚਾਰਜਸ਼ੀਟ ਅੱਜ ਦਾਖ਼ਲ ਕਰ ਦਿੱਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸੀਬੀਆਈ ਵੱਲੋਂ ਵਿਸ਼ੇਸ਼ ਅਦਾਲਤ ਨੂੰ ਸੌਂਪੀ ਗਈ ਅੰਤਿਮ ਰਿਪੋਰਟ ਵਿੱਚ ਉਨ੍ਹਾਂ ਸਾਰੇ ਰੇਲਵੇ ਜ਼ੋਨਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿੱਥੇ ਲਾਲੂ ਪ੍ਰਸਾਦ ਯਾਦਵ ਦੇ ਪਰਿਵਾਰ ਦੇ ਮੈਂਬਰਾਂ ਵੱਲੋਂ ਕਥਿਤ ਤੌਰ ’ਤੇ ਜ਼ਮੀਨ ਲੈਣ ਬਦਲੇ ਨੌਕਰੀ ਦਿੱਤੀ ਗਈ ਸੀ। ਅਧਿਕਾਰੀਆਂ ਨੇ ਕਿਹਾ ਕਿ ਵਿਸ਼ੇਸ਼ ਅਦਾਲਤ 6 ਜੁਲਾਈ ਨੂੰ ਇਸ ਰਿਪੋਰਟ ’ਤੇ ਵਿਚਾਰ ਕਰੇਗੀ। ਇਕ ਅਧਿਕਾਰੀ ਨੇ ਕਿਹਾ, ‘‘ ਇਹ ਜ਼ਮੀਨ ਤਤਕਾਲੀ ਸਰਕਲ ਦਰਾਂ ਤੋਂ ਘੱਟ ਕੀਮਤਾਂ ’ਤੇ ਅਤੇ ਬਾਜ਼ਾਰ ਦੀਆਂ ਦਰਾਂ ਨਾਲੋਂ ਵੀ ਬਹੁਤ ਘੱਟ ਕੀਮਤ ’ਤੇ ਗ੍ਰਹਿਣ ਕੀਤੀਆਂ ਗਈਆਂ ਸਨ।’’ -ਪੀਟੀਆਈ