ਬੇਲਾਰੀ (ਕਰਨਾਟਕ), 16 ਅਕਤੂਬਰ
ਰਾਹੁਲ ਗਾਂਧੀ ਦੀ ਅਗਵਾਈ ਵਿੱਚ ਜਾਰੀ ‘ਭਾਰਤ ਜੋੜੋ ਯਾਤਰਾ’ ਦੌਰਾਨ ਅੱਜ ਪੋਲ ’ਤੇ ਝੰਡੇ ਬੰਨ੍ਹਦੇ ਹੋਏ ਬਿਜਲੀ ਦਾ ਮਾਮੂਲੀ ਝਟਕਾ ਲੱਗਣ ਕਰਕੇ ਕੁਝ ਪਾਰਟੀ ਵਰਕਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਸਾਬਕਾ ਕਾਂਗਰਸ ਪ੍ਰਧਾਨ ਨੇ ਖ਼ੁਦ ਫੇਸਬੁੱਕ ’ਤੇ ਪੋੋਸਟ ਪਾ ਕੇ ਹਾਦਸੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਹਾਦਸੇ ਨੂੰ ‘ਮੰਦਭਾਗਾ’ ਦੱਸਦੇ ਹੋਏ ਕਿਹਾ ਕਿ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕੀਤਾ ਗਿਆ ਹੈ। ਗਾਂਧੀ ਨੇ ਮਗਰੋਂ ਹਸਪਤਾਲ ਜਾ ਕੇ ਵੀ ਜ਼ਖ਼ਮੀ ਪਾਰਟੀ ਵਰਕਰਾਂ ਦੀ ਖ਼ਬਰਸਾਰ ਲਈ। ਇਸ ਮੌਕੇ ਪਾਰਟੀ ਦੇ ਜਨਰਲ ਸਕੱਤਰ ਤੇ ਕਰਨਾਟਕ ਮਾਮਲਿਆਂ ਦੇ ਇੰਚਾਰਜ ਰਣਦੀਪ ਸਿੰਘ ਸੁਰਜੇਵਾਲਾ ਵੀ ਉਨ੍ਹਾਂ ਦੇ ਨਾਲ ਸਨ। ਪਾਰਟੀ ਨੇ ਜ਼ਖਮੀਆਂ ਦੀ ਮਦਦ ਲਈ ਇਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।
ਕਾਂਗਰਸ ਆਗੂ ਆਪਣੀ ਫੇਸਬੁੱਕ ਪੋਸਟ ਵਿੱਚ ਕਿਹਾ, ‘‘ਅੱਜ ਯਾਤਰਾ ਦੌਰਾਨ ਮੰਦਭਾਗਾ ਹਾਦਸਾ ਵਾਪਰ ਗਿਆ। ਸਾਡੇ ਕੁਝ ਦੋਸਤਾਂ ਨੂੰ ਪੋਲ ’ਤੇ ਝੰਡੇ ਬੰਨ੍ਹਦਿਆਂ ਬਿਜਲੀ ਦਾ ਝਟਕਾ ਲੱਗਾ। ਉਨ੍ਹਾਂ ਨੂੰ ਬੇਲਾਰੀ ਦੇ ਨਿਊ ਮੋਕਾ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮੈਨੂੰ ਇਹ ਵੇਖ ਕੇ ਖ਼ੁਸ਼ੀ ਹੋਈ ਕਿ ਇਨ੍ਹਾਂ ਵਿਚੋਂ ਕਿਸੇ ਦੇ ਵੀ ਵੱਡੀ ਸੱਟ ਨਹੀਂ ਲੱਗੀ ਤੇ ਉਨ੍ਹਾਂ ਦੇ ਹੌਸਲੇ ਬੁਲੰਦ ਹਨ।’’ ਵਾਇਨਾਡ ਤੋਂ ਸੰਸਦ ਮੈਂਬਰ ਗਾਂਧੀ ਨੇ ਯਾਤਰਾ ਵਿੱਚ ਸ਼ਾਮਲ ਹਰੇਕ ਨੂੰ ਸਲਾਹ ਦਿੱਤੀ ਹੈ ਕਿ ਉਹ ਸੁਰੱਖਿਆ ਪੱਖੋਂ ਪੂਰੀ ਚੌਕਸੀ ਵਰਤਣ।’’ ਰਾਹੁਲ ਗਾਂਧੀ ਨੇ 7 ਸਤੰਬਰ ਨੂੰ ਕੰਨਿਆਕੁਮਾਰੀ ਤੋਂ ‘ਭਾਰਤ ਜੋੜੋ’ ਯਾਤਰਾ ਦਾ ਆਗਾਜ਼ ਕੀਤਾ ਸੀ। ਯਾਤਰਾ ਦੌਰਾਨ ਸਵੇਰੇ ਤੇ ਸ਼ਾਮ ਦੇ ਦੋ ਸੈਸ਼ਨਾਂ ਵਿੱਚ 25 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਜਾਂਦਾ ਹੈ। -ਏਐੱਨਆਈ
ਰਾਹੁਲ ਦੇ ਐਨੀਮੇਸ਼ਨ ’ਤੇ ਭਾਜਪਾ ਤੇ ਕਾਂਗਰਸ ਮਿਹਣੋ-ਮਿਹਣੀ
ਨਵੀਂ ਦਿੱਲੀ: ਭਾਜਪਾ ਨੇ ‘ਭਾਰਤ ਜੋੜੋ ਯਾਤਰਾ’ ਉੱਤੇ ਚੁਟਕੀ ਲੈਂਦੇ ਹੋਏ ਰਾਹੁਲ ਗਾਂਧੀ ਦੀ ਐਨੀਮੇਸ਼ਨ ਵੀਡੀਓ ਜਾਰੀ ਕੀਤੀ ਹੈ। ਟਵਿੱਟਰ ’ਤੇ ਪਾਈ ਦੋ ਮਿੰਟ ਦੀ ਇਸ ਵੀਡੀਓ ਵਿੱਚ ਗਾਂਧੀ ਨੂੰ ਫ਼ਿਲਮ ‘ਸ਼ੋਅਲੇ’ ਵਿੱਚ ਅਸਰਾਨੀ ਵੱਲੋਂ ਨਿਭਾਏ ਕਿਰਦਾਰ ’ਚ ਪੇਸ਼ ਕੀਤਾ ਗਿਆ ਹੈ। ਵੀਡੀਓ ਵਿੱਚ, ਗੋਆ ’ਚ ਪਾਰਟੀ ਦਾ ਸਾਥ ਛੱਡਣ ਵਾਲੇ ਕਾਂਗਰਸੀ ਵਿਧਾਇਕਾਂ, ਪਾਰਟੀ ਛੱਡ ਕੇ ਗੁਲਾਮ ਨਬੀ ਆਜ਼ਾਦ ਦੀ ਪਾਰਟੀ ’ਚ ਸ਼ਾਮਲ ਹੋਣ ਵਾਲੇ ਆਗੂਆਂ ਤੇ ਰਾਜਸਥਾਨ ਵਿੱਚ ਪਾਰਟੀ ’ਚ ਜਾਰੀ ਕਾਟੋ-ਕਲੇਸ਼ ਦੇ ਹਵਾਲੇ ਨਾਲ, ਕਾਂਗਰਸ ’ਤੇ ਤਨਜ਼ ਕੱਸਿਆ ਗਿਆ ਹੈ। ਭਾਜਪਾ ਨੇ ਰਾਹੁਲ ਤੇ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਦੇ ਅਸਿੱਧੇ ਹਵਾਲੇ ਨਾਲ ਕਿਹਾ, ‘‘ਮੰਮੀ, ਸਾਡੀਆਂ ਮੁਸ਼ਕਲਾਂ ਖ਼ਤਮ ਕਿਉਂ ਨਹੀਂ ਹੁੰਦੀਆਂ? ਇਨ੍ਹਾਂ ਦਾ ਭੋਗ ਪੈ ਗਿਆ… ਟਾਟਾ…ਗੁੱਡਬਾਏ।’’ ਉਧਰ ਕਾਂਗਰਸ ਨੇ ਪਲਟਵਾਰ ਕਰਦਿਆਂ ਐਨੀਮੇਸ਼ਨ ਵੀਡੀਓ ਜਾਰੀ ਕੀਤੀ ਹੈ, ਜਿਸ ਵਿੱਚ (ਪ੍ਰਧਾਨ ਮੰਤਰੀ ਨਰਿੰਦਰ) ਮੋਦੀ ਗੈਸ ਸਿਲੰਡਰ, ਤੇਲ ਕੀਮਤਾਂ ਤੇ ਨੌਕਰੀਆਂ ਬਾਰੇ ਸਵਾਲ ਪੁੱਛਦੇ ਲੋਕਾਂ ਨਾਲ ਭੱਜਦੇ ਨਜ਼ਰ ਆ ਰਹੇ ਹਨ। ਵੀਡੀਓ ਦੇ ਪਿਛੋਕੜ ਵਿੱਚ ਫ਼ਿਲਮ ਦੁਸ਼ਮਣ ਦਾ ਗੀਤ ‘ਵਾਅਦਾ ਤੇਰਾ ਵਾਅਦਾ’ ਚੱਲਦਾ ਹੈ। ਕਾਂਗਰਸ ਨੇ ਵੀਡੀਓ ਨਾਲ ਹਿੰਦੀ ਵਿੱਚ ਕੀਤੇ ਟਵੀਟ ’ਚ ਲਿਖਿਆ, ‘‘ਦੌੜਾ ਦੌੜਾ ਭਾਗਾ ਭਾਗਾ ਸਾ।’’ -ਪੀਟੀਆਈ