ਨਵੀਂ ਦਿੱਲੀ, 9 ਦਸੰਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਸੰਸਦ ਵਿੱਚ ਤਾਮਿਲ ਨਾਡੂ ’ਚ ਬੁੱਧਵਾਰ ਨੂੰ ਵਾਪਰੇ ਹੈਲੀਕਾਪਟਰ ਹਾਦਸੇ ਦੀ ਤਫ਼ਸੀਲ ਸਾਂਝੀ ਕਰਦਿਆਂ ਕਿਹਾ ਕਿ ਏਅਰ ਮਾਰਸ਼ਲ ਮਾਨਵੇਂਦਰ ਸਿੰਘ ਦੀ ਅਗਵਾਈ ਵਾਲੀ ਤਿੰਨਾਂ ਸੈਨਾਵਾਂ ਦੀ ਸਾਂਝੀ ਟੀਮ ਨੇ ਪਹਿਲਾਂ ਹੀ ਜਾਂਚ ਵਿੱਢ ਦਿੱਤੀ ਹੈ। ਉਨ੍ਹਾਂ ਦੋਵਾਂ ਸਦਨਾਂ ਦੇ ਮੈਂਬਰਾਂ ਨੂੰ ਦੱਸਿਆ ਕਿ ਹਾਦਸੇ ਵਿੱਚ ਬਚੇ ਇਕਲੌਤੇ (ਭਾਰਤੀ ਹਵਾਈ ਸੈਨਾ ਦੇ) ਗਰੁੱਪ ਕੈਪਟਨ ਵਰੁਣ ਸਿੰਘ ਨੂੰ ਬਚਾਉਣ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ। ਲੋਕ ਸਭਾ ਤੇ ਰਾਜ ਸਭਾ ਨੇ ਮੌਨ ਰੱਖ ਕੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ। ਤਾਮਿਲ ਨਾਡੂ ਦੇ ਰਤਨਾਗਿਰੀ ਜ਼ਿਲ੍ਹੇ ਵਿਚ ਕੁੰਨੂਰ ਨੇੜੇ ਵਾਪਰੇ ਹੈਲੀਕਾਪਟਰ ਹਾਦਸੇ ਵਿੱਚ ਸੀਡੀਐੱਸ ਬਿਪਿਨ ਰਾਵਤ ਤੇ 12 ਹੋਰਨਾਂ ਦਾ ਦੇਹਾਂਤ ਹੋ ਗਿਆ ਸੀ। ਸਿੰਘ ਨੇ ਕਿਹਾ, ‘‘ਭਾਰਤੀ ਹਵਾਈ ਸੈਨਾ ਏਅਰ ਮਾਰਸ਼ਲ ਮਾਨਵੇਂਦਰ ਸਿੰਘ ਦੀ ਅਗਵਾਈ ਵਿੱਚ ਤਿੰਨਾਂ ਸੈਨਾਵਾਂ ਦੀ ਇਕ ਸਾਂਝੀ ਟੀਮ ਵੱਲੋਂ ਹਾਦਸੇ ਦੀ ਜਾਂਚ ਦੇ ਹੁਕਮ ਦੇ ਚੁੱਕੀ ਹੈ। ਤਫ਼ਤੀਸ਼ਕਾਰਾਂ ਦੀ ਟੀਮ ਬੁੱਧਵਾਰ ਨੂੰ ਹੀ ਵੈਲਿੰਗਟਨ ਪੁੱਜ ਗਈ ਸੀ ਤੇ ਇਸ ਨੇ ਆਪਣਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ।’’ ਸਿੰਘ ਨੇ ਕਿਹਾ ਕਿ ਚੀਫ਼ ਆਫ਼ ਡਿਫੈਂਸ ਸਟਾਫ਼ ਦਾ ਪੂਰੇ ਫੌਜੀ ਸਨਮਾਨਾਂ ਨਾਲ ਸਸਕਾਰ ਕੀਤਾ ਜਾਵੇਗਾ। ਉਨ੍ਹਾਂ ਹਾਦਸੇ ਵਿੱਚ ਮਾਰੇ ਗਏ ਹੋਰਨਾਂ ਅਧਿਕਾਰੀਆਂ ਤੇ ਅਮਲੇ ਦਾ ਵੀ ਪੂਰੇ ਫੌਜੀ ਸਨਮਾਨਾਂ ਨਾਲ ਸਸਕਾਰ ਕੀਤੇ ਜਾਣ ਦੀ ਗੱਲ ਆਖੀ। ਰੱਖਿਆ ਮੰਤਰੀ ਨੇ ਦੋਵਾਂ ਸਦਨਾਂ ਨੂੰ ਹਾਦਸੇ ਦੀ ਤਫ਼ਸੀਲ ਦਿੰਦਿਆਂ ਕਿਹਾ ਕਿ ਸੀਡੀਐੱਸ ਬਿਪਿਨ ਰਾਵਤ ਵੈਲਿੰਗਟਨ ਸਥਿਤ ਡਿਫੈਂਸ ਸਰਵਸਿਜ਼ ਸਟਾਫ ਕਾਲਜ ਦੀ ਫੇਰੀ ਲਈ ਗਏ ਸਨ, ਜਿੱਥੇ ਉਨ੍ਹਾਂ ਵਿਦਿਆਰਥੀ ਅਫਸਰਾਂ ਦੇ ਰੂਬਰੂ ਹੋਣਾ ਸੀ। ਸਿੰਘ ਨੇ ਕਿਹਾ ਕਿ ਮ੍ਰਿਤਕ ਦੇਹਾਂ ਭਾਰਤੀ ਹਵਾਈ ਸੈਨਾ ਦੇ ਜਹਾਜ਼ ਰਾਹੀਂ ਦਿੱਲੀ ਲਿਆਂਦੀਆਂ ਜਾਣਗੀਆਂ। ਉਧਰ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਜਨਰਲ ਰਾਵਤ ਦੀ ਬੇਵਕਤੀ ਮੌਤ ’ਤੇ ਦੁਖ਼ ਜ਼ਾਹਿਰ ਕਰਦਿਆਂ ਕਿਹਾ ਕਿ ਦੇਸ਼ ਨੇ ਕੁਸ਼ਲ ਯੋਧਾ ਗੁਆ ਲਿਆ ਹੈ। ਉਨ੍ਹਾਂ ਜਨਰਲ ਰਾਵਤ ਨੂੰ ਅਸਾਧਾਰਨ ਰਣਨੀਤੀਕਾਰ ਤੇ ਤਜਰਬੇਕਾਰ/ਹੰਢਿਆ ਹੋਇਆ ਆਗੂ ਦੱਸਿਆ। ਰਾਜ ਸਭਾ ਵਿੱਚ ਡਿਪਟੀ ਚੇਅਰਮੈਨ ਹਰਿਵੰਸ਼ ਨੇ ਸ਼ਰਧਾਂਜਲੀ ਦਿੰਦਿਆਂ ਜਨਰਲ ਰਾਵਤ ਨੂੰ ਅਸਾਧਾਰਨ ਤੇ ਉੱਘਾ ਫੌਜੀ ਆਗੂ ਦੱਸਿਆ। ਦੋਵਾਂ ਸਦਨਾਂ ਦੇ ਮੈਂਬਰਾਂ ਨੇ ਦੋ ਮਿੰਟ ਦਾ ਮੌਨ ਰੱਖ ਕੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ। -ਪੀਟੀਆਈ
ਹਾਦਸਾਗ੍ਰਸਤ ਹੈਲੀਕਾਪਟਰ ਦਾ ਬਲੈਕ ਬਾਕਸ ਮਿਲਿਆ
ਕੁੰਨੂਰ/ਨਵੀਂ ਦਿੱਲੀ: ਤਾਮਿਲ ਨਾਡੂ ਵਿੱਚ ਕੁੰਨੂਰ ਨਜ਼ਦੀਕ ਬੁੱਧਵਾਰ ਨੂੰ ਹਾਦਸਾਗ੍ਰਸਤ ਹੋਏ ਭਾਰਤੀ ਹਵਾਈ ਸੈਨਾ ਦੇ ਹੈਲੀਕਾਪਟਰ ਦਾ ‘ਬਲੈਕ ਬਾਕਸ’ ਹਾਦਸੇ ਵਾਲੀ ਥਾਂ ਤੋਂ ਲੱਭ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਹਾਦਸੇ ਵਾਲੀ ਥਾਂ ’ਤੇ 300 ਮੀਟਰ ਤੋਂ ਇਕ ਕਿਲੋਮੀਟਰ ਦੇ ਘੇੇਰੇ ਵਿੱਚ ਕੀਤੀ ਭਾਲ ਦੌਰਾਨ ਫਲਾਈਟ ਡੇਟਾ ਰਿਕਾਰਡ ਸਮੇਤ ਦੋ ਬਕਸੇ ਮਿਲੇ ਹਨ, ਜਿਨ੍ਹਾਂ ਵਿੱਚੋਂ ਇਕ ਬਲੈਕ ਬਾਕਸ ਹੈ। ਅਧਿਕਾਰੀਆਂ ਨੇ ਕਿਹਾ ਕਿ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਾਉਣ ਲਈ ਇਨ੍ਹਾਂ ਬਕਸਿਆਂ ਨੂੰ ਦਿੱਲੀ ਜਾਂ ਬੰਗਲੂਰੂ ਲਿਜਾਇਆ ਜਾਵੇਗਾ। ਇਸ ਦੌਰਾਨ ਹਾਦਸੇ ਵਿੱਚ ਮਾਰੇ ਗਏ ਪੀੜਤਾਂ ਦੀਆਂ ਮ੍ਰਿਤਕ ਦੇਹਾਂ ਵਾਲੇ ਤਾਬੂਤਾਂ ਨੂੰ ਤਿਰੰਗੇ ਝਡੇ ਵਿੱਚ ਲਪੇਟ ਕੇ ਫੁੱਲ ਮਾਲਾਵਾਂ ਨਾਲ ਸਜੇ ਫੌਜੀ ਟਰੱਕਾਂ ਵਿੱਚ ਵੈਲਿੰਗਟਨ ਸਥਿਤ ਮਦਰਾਸ ਰੈਜੀਮੈਂਟ ਸੈਂਟਰ ਲਿਜਾਇਆ ਗਿਆ। -ਪੀਟੀਆਈ
ਹੈਲੀਕਾਪਟਰ ਹਾਦਸਾ: ਗਰੁੱਪ ਕੈਪਟਨ ਵਰੁਣ ਸਿੰਘ ਬੰਗਲੂਰੂ ਤਬਦੀਲ
ਕੋਇੰਬਟੂਰ/ਭੁਪਾਲ: ਤਾਮਿਲ ਨਾਡੂ ਵਿੱਚ ਲੰਘੇ ਦਿਨ ਹੋਏ ਹੈਲੀਕਾਪਟਰ ਹਾਦਸੇ ਵਿੱਚ ਬਚੇ ਇਕਲੌਤੇ ਗਰੁੱਪ ਕੈਪਟਨ ਵਰੁਣ ਸਿੰਘ ਨੂੰ ਵੈਲਿੰਗਟਨ ਦੇ ਮਿਲਟਰੀ ਹਸਪਤਾਲ ਤੋਂ ਬੰਗਲੂਰੂ ਤਬਦੀਲ ਕਰ ਦਿੱਤਾ ਗਿਆ ਹੈ। ਹਾਦਸੇੇ ਵਿੱਚ ਸਿੰਘ ਦਾ ਸਰੀਰ 80 ਫੀਸਦ ਤੱਕ ਝੁਲਸ ਗਿਆ ਦੱਸਿਆ ਜਾਂਦਾ ਹੈ। ਉਸ ਦੀ ਹਾਲਤ ਗੰਭੀਰ, ਪਰ ਸਥਿਰ ਹੈ। ਅਧਿਕਾਰਤ ਸੂਤਰਾਂ ਮੁਤਾਬਕ ਗਰੁੱਪ ਕੈਪਟਨ ਦੇ ਹੁਣ ਤੱਕ ਤਿੰਨ ਆਪਰੇਸ਼ਨ ਹੋ ਚੁੱਕੇ ਹਨ। ਗਰੁੱਪ ਕੈਪਟਨ ਦੇ ਪਿਤਾ ਕਰਨਲ (ਸੇਵਾ ਮੁਕਤ) ਕੇ.ਪੀ.ਸਿੰਘ, ਜੋ ਭੁਪਾਲ ਦੇ ਵਸਨੀਕ ਹਨ, ਨੇ ਫੋਨ ’ਤੇ ਗੱਲ ਕਰਦਿਆਂ ਕਿਹਾ, ‘‘ਉਸ ਨੂੰ ਬੰਗਲੂਰੂ ਤਬਦੀਲ ਕੀਤਾ ਜਾ ਰਿਹੈ। ਮੈਂ ਵੈਲਿੰਗਟਨ ਪਹੁੰਚ ਗਿਆ ਹਾਂ।’’ ਉਹ ਇਸ ਗੱਲੋਂ ਆਸਵੰਦ ਹੈ ਕਿ ਜ਼ਖ਼ਮੀ ਅਧਿਕਾਰੀ ਸਿਹਤਯਾਬ ਹੋ ਜਾਵੇਗਾ। -ਪੀਟੀਆਈ
ਏਅਰ ਮਾਰਸ਼ਲ ਵੱਲੋਂ ਹਾਦਸੇ ਵਾਲੀ ਥਾਂ ਦਾ ਮੁਆਇਨਾ, ਤਾਮਿਲ ਨਾਡੂ ਪੁਲੀਸ ਵੱਲੋਂ ਕੇਸ ਦਰਜ
ਕੁੰਨੂਰ: ਏਅਰ ਮਾਰਸ਼ਲ ਮਾਨਵੇਂਦਰ ਸਿੰਘ ਨੇ ਅੱਜ ਹੈਲੀਕਾਪਟਰ ਹਾਦਸੇ ਵਾਲੀ ਥਾਂ ਦਾ ਮੁਆਇਨਾ ਕੀਤਾ। ਇਸ ਮੌਕੇ ਏਅਰ ਮਾਰਸ਼ਲ ਸਿੰਘ ਨਾਲ ਹੋਰ ਅਧਿਕਾਰੀ ਵੀ ਮੌਜੂਦ ਸਨ। ਉਧਰ ਤਾਮਿਲ ਨਾਡੂ ਪੁਲੀਸ ਨੇ ਹੈਲੀਕਾਪਟਰ ਹਾਦਸੇ ਨੂੰ ਲੈ ਕੇ ਸੀਆਰਪੀਸੀ ਦੀ ਧਾਰਾ 174 ਤਹਿਤ ਕੇਸ ਦਰਜ ਕੀਤਾ ਹੈ। ਡੀਜੀਪੀ ਸੀ.ਸ਼ੈਲੇਂਦਰ ਬਾਬੂ ਨੇ ਸਮੀਖਿਆ ਮੀਟਿੰਗ ਕਰਕੇ ਹਾਲਾਤ ਦਾ ਜਾਇਜ਼ਾ ਲਿਆ। ਉੱਚ ਪੱਧਰੀ ਮੀਟਿੰਗ ਵਿੱਚ ਸੀਨੀਅਰ ਪੁਲੀਸ ਤੇ ਫੋਰੈਂਸਿਕ ਅਧਿਕਾਰੀ ਸ਼ਾਮਲ ਹੋਏ। ਪੁਲੀਸ ਨੇ ਇਕ ਬਿਆਨ ਵਿੱਚ ਕਿਹਾ ਕਿ ਹੁਣ ਤੱਕ 26 ਚਸ਼ਮਦੀਦਾਂ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ। -ਪੀਟੀਆਈ