ਨਵੀਂ ਦਿੱਲੀ, 14 ਜੂਨ
ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਸ਼ਰਾਬ ਮਾਫ਼ੀਆ ਖ਼ਿਲਾਫ਼ ਰਿਪੋਰਟਿੰਗ ਕਰਨ ਵਾਲੇ ਪੱਤਰਕਾਰ ਦੀ (ਸੜਕ ਹਾਦਸੇ ਵਿੱਚ) ਮੌਤ ਦੇ ਹਵਾਲੇ ਨਾਲ ਅੱਜ ਮੁੜ ਉੱਤਰ ਪ੍ਰਦੇਸ਼ ਦੀ ਯੋਗੀ ਆਦਿੱਤਿਆਨਾਥ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਸੂਬਾ ਸਰਕਾਰ ‘ਜੰਗਲ ਰਾਜ ਦੀ ਸਰਪ੍ਰਸਤੀ’ ਕਰ ਰਹੀ ਹੈ। ਚੇਤੇ ਰਹੇ ਕਿ 42 ਸਾਲਾ ਨਿਊਜ਼ ਰਿਪੋਰਟਰ ਸੁਲਭ ਸ੍ਰੀਵਾਸਤਵਾ ਦੀ ਐਤਵਾਰ ਨੂੰ ਪ੍ਰਤਾਪਗੜ ਦੇ ਸੁਖਪਾਲ ਨਗਰ ਨੇੜਲੇ ਇੱਟਾਂ ਦੇ ਭੱਠੇ ਕੋਲ ਖੰਬੇ ਨਾਲ ਮੋਟਰਸਾਈਕਲ ਟਕਰਾਉਣ ਕਰਕੇ ਮੌਤ ਹੋ ਗਈ ਸੀ। ਪ੍ਰਿਯੰਕਾ ਨੇ ਹਿੰਦੀ ਵਿੱਚ ਕੀਤੇ ਟਵੀਟ ’ਚ ਕਿਹਾ, ‘‘ਅਲੀਗੜ੍ਹ ਤੋਂ ਪ੍ਰਤਾਪਗੜ੍ਹ ਤੱਕ ਸ਼ਰਾਬ ਮਾਫ਼ੀਆ ਪੂਰੇ ਸੂਬੇ ਵਿੱਚ ਮੌਤ ਦਾ ਤਾਂਡਵ ਕਰੇ। ਉੱਤਰ ਪ੍ਰਦੇਸ਼ ਸਰਕਾਰ ਚੁੱਪ। ਪੱਤਰਕਾਰ ਸੱਚਾਈ ਸਾਹਮਣੇ ਲਿਆਉਣ, ਪ੍ਰਸ਼ਾਸਨ ਨੂੰ ਖ਼ਤਰੇ ਤੋਂ ਚੌਕਸ ਕਰਨ। ਸਰਕਾਰ ਸੁੱਤੀ ਪਈ ਹੈ। ਕੀ ਜੰਗਲ ਰਾਜ ਦਾ ਪਾਲਣ ਪੋਸ਼ਣ ਕਰਨ ਵਾਲੀ ਉੱਤਰ ਪ੍ਰਦੇਸ਼ ਸਰਕਾਰ ਕੋਲ ਸੁਲਭ ਸ੍ਰੀਵਾਸਤਵ ਦੇ ਪਰਿਵਾਰ ਦੇ ਹੰਝੂਆਂ ਦਾ ਕੋਈ ਜਵਾਬ ਹੈ।’’ ਦੱਸਣਾ ਬਣਦਾ ਹੈ ਕਿ ਸ੍ਰੀਵਾਸਤਵਾ ਨੇ ਹਾਲ ਹੀ ਵਿੱਚ ਖੇਤਰ ਦੇ ਸ਼ਰਾਬ ਮਾਫੀਏ ਬਾਰੇ ਸਟੋਰੀ ਕੀਤੀ ਸੀ। ਉਸ ਨੇ 12 ਜੂਨ ਨੂੰ ਪ੍ਰਯਾਗਰਾਜ ਦੇ ਵਧੀਕ ਡਾਇਰੈਕਟਰ ਜਨਰਲ ਨੂੰ ਪੱਤਰ ਲਿਖ ਕੇ ਪੁਲੀਸ ਸੁਰੱਖਿਆ ਵੀ ਮੰਗੀ ਸੀ। -ਪੀਟੀਆਈ