ਨਵੀਂ ਦਿੱਲੀ, 15 ਫਰਵਰੀ
ਜਬਰ-ਜਨਾਹ ਤੇ ਹੱਤਿਆ ਦੇ ਮਾਮਲੇ ਤੋਂ ਬਾਅਦ ਯੂਪੀ ਦੇ ਹਾਥਰਸ ਜਾਂਦਿਆਂ ਗ੍ਰਿਫ਼ਤਾਰ ਕੀਤੇ ਗਏ ਪੱਤਰਕਾਰ ਸਿਦੀਕੀ ਕੱਪਨ ਨੂੰ ਸੁਪਰੀਮ ਕੋਰਟ ਨੇ ਅੱਜ ਪੰਜ ਦਿਨ ਦੀ ਅੰਤ੍ਰਿਮ ਜ਼ਮਾਨਤ ਦੇ ਦਿੱਤੀ ਹੈ। ਕੱਪਨ ਨੂੰ ਜ਼ਮਾਨਤ ਬੀਮਾਰ ਮਾਂ ਨੂੰ ਮਿਲਣ ਲਈ ਦਿੱਤੀ ਗਈ ਹੈ। ਚੀਫ਼ ਜਸਟਿਸ ਐੱਸ.ਏ. ਬੋਬੜੇ ਨੇ ਕਿਹਾ ਕਿ ਇਸ ਸਮੇਂ ਦੌਰਾਨ ਉਹ ਕਿਸੇ ਤਰ੍ਹਾਂ ਦੇ ਵੀ ਮੀਡੀਆ ਨੂੰ ਇੰਟਰਵਿਊ ਨਹੀਂ ਦੇਵੇਗਾ। ਇਸ ਤੋਂ ਇਲਾਵਾ ਉਹ ਰਿਸ਼ਤੇਦਾਰਾਂ ਤੇ ਡਾਕਟਰਾਂ ਤੋਂ ਬਿਨਾਂ ਕਿਸੇ ਨੂੰ ਨਹੀਂ ਮਿਲ ਸਕੇਗਾ। ਸੁਪਰੀਮ ਕੋਰਟ ਨੇ ਕਿਹਾ ਕਿ ਕੇਰਲ ਤੱਕ ਯੂਪੀ ਪੁਲੀਸ ਦੀ ਟੀਮ ਉਸ ਦੇ ਨਾਲ ਜਾਵੇਗੀ ਤੇ ਕੇਰਲ ਦੀ ਪੁਲੀਸ ਵੀ ਉਨ੍ਹਾਂ ਨਾਲ ਸਹਿਯੋਗ ਕਰੇਗੀ। ‘ਕੇਰਲਾ ਯੂਨੀਅਨ ਆਫ ਵਰਕਿੰਗ ਜਰਨਲਿਸਟਸ’ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਕਿਹਾ ਕਿ ਕੱਪਨ ਦੀ ਮਾਂ ਵੀਡੀਓ ਕਾਨਫਰੰਸ ਉਤੇ ਗੱਲ ਨਹੀਂ ਕਰ ਸਕਦੀ ਤੇ ਡਾਕਟਰਾਂ ਨੇ ਕਿਹਾ ਹੈ ਕਿ ਉਹ ਸ਼ਾਇਦ ਦੋ-ਤਿੰਨ ਦਿਨ ਹੀ ਹੋਰ ਜਿਊਂਦੀ ਰਹੇਗੀ।
ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਯੂਪੀ ਸਰਕਾਰ ਵੱਲੋਂ ਪੇਸ਼ ਹੁੰਦਿਆਂ ਵਿਰੋਧ ਕਰਦਿਆਂ ਕਿਹਾ ਕਿ ਕੱਪਨ ਦੀ ਮਾਂ ਦੀ ਸਿਹਤ ਐਨੀ ਵੀ ਖਰਾਬ ਨਹੀਂ ਹੈ ਜਿਵੇਂ ਦੱਸੀ ਗਈ ਹੈ, ਕੋਈ ਮੈਡੀਕਲ ਸਰਟੀਫਿਕੇਟ ਵੀ ਨਹੀਂ ਦਿੱਤਾ ਗਿਆ ਹੈ। ਮਹਿਤਾ ਨੇ ਕਿਹਾ ਕਿ ਕੇਰਲਾ ਵਿਚ ਕੱਪਨ ਦੇ ਪੋਸਟਰ ਲੱਗੇ ਹੋਏ ਹਨ ਤੇ ਉਸ ਦੀ ਪਤਨੀ ਉਸ ਦੇ ਨਾਂ ਉਤੇ ਪੈਸੇ ਇਕੱਠੇ ਕਰ ਰਹੀ ਹੈ। ਮਹਿਤਾ ਨੇ ਕਿਹਾ ਕਿ ਜਦ ਉਹ ਕੇਰਲਾ ਜਾਵੇਗਾ ਤਾਂ ਕਈ ਸਿਆਸੀ ਵਿਚਾਰ ਉੱਭਰਨਗੇ। -ਪੀਟੀਆਈ