ਨਵੀਂ ਦਿੱਲੀ, 27 ਜੂਨ
ਪੱਤਰਕਾਰ ਅਤੇ ਆਲਟ ਨਿਊਜ਼ ਦੇ ਬਾਨੀ ਮੁਹੰਮਦ ਜ਼ੁਬੈਰ ਨੂੰ ਅੱਜ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ। ਡਿਪਟੀ ਪੁਲੀਸ ਕਮਿਸ਼ਨਰ ਕੇਪੀਐੱਸ ਮਲਹੋਤਰਾ ਅਨੁਸਾਰ, ਜ਼ੁਬੈਰ ਖ਼ਿਲਾਫ਼ ਧਾਰਾ 153-ਏ ਅਤੇ 295-ਏ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜ਼ੁਬੈਰ ਤੋਂ ਅੱਜ ਦਿਨ ਵਿੱਚ ਪੁੱਛਗਿੱਛ ਕੀਤੀ ਗਈ ਸੀ ਅਤੇ ਲੋੜੀਂਦੇ ਸਬੂਤ ਇਕੱਤਰ ਹੋਣ ਮਗਰੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸ ਨੂੰ ਇੱਥੇ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਇੱਕ ਦਿਨ ਦੀ ਪੁਲੀਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪੱਤਰਕਾਰ ਮੁਹੰਮਦ ਜ਼ੁਬੈਰ ਭਾਜਪਾ ਦੀ ਸਾਬਕਾ ਆਗੂ ਨੂਪੁਰ ਸ਼ਰਮਾ ਅਤੇ ਸਾਧੂਆਂ ਨੂੰ ‘ਨਫਰਤ ਫੈਲਾਉਣ ਵਾਲੇ’ ਕਹਿਣ ਮਗਰੋਂ ਚਰਚਾ ਵਿੱਚ ਆਇਆ ਸੀ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਸੱਚ ਦੀ ਇੱਕ ਆਵਾਜ਼ ਨੂੰ ਦਬਾਉਣ ਨਾਲ ਹਜ਼ਾਰਾਂ ਹੋਰ ਆਵਾਜ਼ਾਂ ਬੁਲੰਦ ਹੋਣਗੀਆਂ। ਰਾਹੁਲ ਨੇ ਦੋਸ਼ ਲਾਇਆ ਕਿ ਭਾਜਪਾ ਦੀ ਨਫ਼ਰਤ ਅਤੇ ਕੱਟੜਤਾ ਦਾ ਪਰਦਾਫ਼ਾਸ਼ ਕਰਨ ਵਾਲਾ ਹਰੇਕ ਵਿਅਕਤੀ ਇਸ ਪਾਰਟੀ ਲਈ ਖ਼ਤਰਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਸੱਚਾਈ ਦੀ ਜਿੱਤ ਹੋਵੇਗੀ।ਡਿਜੀਟਲ ਨਿਊਜ਼ ਮੀਡੀਆ ਸੰਸਥਾ ‘ਡਿਜੀਪਬ’ ਨੇ ਵੀ ਜ਼ੁਬੈਰ ਦੀ ਗ੍ਰਿਫ਼ਤਾਰੀ ਦੀ ਨਿਖੇਧੀ ਕੀਤੀ ਅਤੇ ਉਸ ਦੀ ਫੌਰੀ ਰਿਹਾਈ ਦੀ ਮੰਗ ਕੀਤੀ। -ਪੀਟੀਆਈ