ਨਵੀਂ ਦਿੱਲੀ: ਪੱਤਰਕਾਰ ਅਤੇ ਆਲਟ ਨਿਊਜ਼ ਦੇ ਬਾਨੀ ਮੁਹੰਮਦ ਜ਼ੁਬੈਰ ਨੂੰ ਅੱਜ ਦਿੱਲੀ ਪੁਲੀਸ ਨੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਉਸ ਨੂੰ ਦੇਰ ਰਾਤ ਅਦਾਲਤ ਨੇ ਇੱਕ ਦਿਨ ਦੀ ਪੁਲੀਸ ਹਿਰਾਸਤ ’ਚ ਭੇਜ ਦਿੱਤਾ। ਦੂਜੇ ਪਾਸੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਮੁਹੰਮਦ ਜ਼ੁਬੈਰ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਨਿੰਦਾ ਕੀਤੀ ਹੈ। ਡੀਸੀਪੀ ਕੇਪੀਐੱਸ ਮਲਹੋਤਰਾ ਅਨੁਸਾਰ ਜ਼ੁਬੈਰ ਤੋਂ ਅੱਜ ਦਿਨ ਵਿੱਚ ਪੁੱਛਗਿੱਛ ਕੀਤੀ ਗਈ ਸੀ ਅਤੇ ਲੋੜੀਂਦੇ ਸਬੂਤ ਇਕੱਤਰ ਹੋਣ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦੂਜੇ ਪਾਸੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਸੱਚ ਦੀ ਇੱਕ ਆਵਾਜ਼ ਨੂੰ ਦਬਾਉਣ ਨਾਲ ਹਜ਼ਾਰਾਂ ਹੋਰ ਆਵਾਜ਼ਾਂ ਬੁਲੰਦ ਹੋਣਗੀਆਂ। ਰਾਹੁਲ ਨੇ ਦੋਸ਼ ਲਾਇਆ ਕਿ ਭਾਜਪਾ ਦੀ ਨਫ਼ਰਤ ਅਤੇ ਕੱਟੜਤਾ ਦਾ ਪਰਦਾਫ਼ਾਸ਼ ਕਰਨ ਵਾਲਾ ਹਰੇਕ ਵਿਅਕਤੀ ਇਸ ਪਾਰਟੀ ਲਈ ਖ਼ਤਰਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਸੱਚਾਈ ਦੀ ਜਿੱਤ ਹੋਵੇਗੀ। ਡਿਜੀਟਲ ਨਿਊਜ਼ ਮੀਡੀਆ ਸੰਸਥਾ ‘ਡਿਜੀਪਬ’ ਨੇ ਵੀ ਜ਼ੁਬੈਰ ਦੀ ਗ੍ਰਿਫ਼ਤਾਰੀ ਦੀ ਨਿਖੇਧੀ ਕੀਤੀ। ਜ਼ਿਕਰਯੋਗ ਹੈ ਕਿ ਪੱਤਰਕਾਰ ਮੁਹੰਮਦ ਜ਼ੁਬੈਰ ਭਾਜਪਾ ਦੀ ਸਾਬਕਾ ਆਗੂ ਨੂਪੁਰ ਸ਼ਰਮਾ ਅਤੇ ਸਾਧੂਆਂ ਨੂੰ ‘ਨਫਰਤ ਫੈਲਾਉਣ ਵਾਲੇ’ ਕਹਿਣ ਮਗਰੋਂ ਚਰਚਾ ਵਿੱਚ ਆਇਆ ਸੀ। -ਪੀਟੀਆਈ