ਨਵੀਂ ਦਿੱਲੀ, 17 ਫਰਵਰੀ
ਦਿੱਲੀ ਦੀ ਕੋਰਟ ਨੇ ਪੱਤਰਕਾਰ ਪ੍ਰਿਆ ਰਮਾਨੀ ਨੂੰ ਸਾਬਕਾ ਕੇਂਦਰੀ ਮੰਤਰੀ ਐੱਮ.ਜੇ.ਅਕਬਰ ਵੱਲੋਂ ਦਾਇਰ ਫੌਜਦਾਰੀ ਮਾਣਹਾਨੀ ਕੇਸ ਵਿੱਚ ਬਰੀ ਕਰ ਦਿੱਤਾ ਹੈ। ਰਮਾਨੀ ਨੇ ਆਪਣੇ ਸਾਬਕਾ ਕੁਲੀਗ ਅਕਬਰ ’ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਸੀ। ਕੋਰਟ ਨੇ ਕਿਹਾ ਕਿ ਔਰਤ ਨੂੰ ਦਹਾਕਿਆਂ ਬਾਅਦ ਵੀ ਆਪਣੀ ਮਰਜ਼ੀ ਦੇ ਕਿਸੇ ਵੀ ਮੰਚ ’ਤੇ ਸ਼ਿਕਾਇਤ ਦਰਜ ਕਰਵਾਉਣ ਦਾ ਪੂਰਾ ਹੱਕ ਹੈ। ਕੋਰਟ ਨੇ ਸਾਫ਼ ਕਰ ਦਿੱਤਾ ਕਿ ਸ਼ੁਹਰਤ ਦੇ ਹੱਕ ਨੂੰ ਮਾਣ-ਸਤਿਕਾਰ ਦੇ ਹੱਕ ਦੀ ਕੀਮਤ ’ਤੇ ਨਹੀਂ ਬਚਾਇਆ ਜਾ ਸਕਦਾ। ਉਂਜ ਕੋਰਟ ਨੇ ਅਕਬਰ ਨੂੰ ਫੈਸਲੇ ਖਿਲਾਫ਼ ਉੱਚ ਅਦਾਲਤ ’ਚ ਜਾਣ ਦੀ ਖੁੱਲ੍ਹ ਦੇ ਦਿੱਤੀ ਹੈ। ਵਧੀਕ ਮੁੱਖ ਮੈਟਰੋਪੋਲਿਟਨ ਮੈਜਿਸਟਰੇਟ ਰਵਿੰਦਰ ਕੁਮਾਰ ਪਾਂਡੇ ਦੀ ਕੋਰਟ ਨੇ ਅਕਬਰ ਦੀ ਇਸ ਦਲੀਲ ਨੂੰ ਵੀ ਖਾਰਜ ਕਰ ਦਿੱਤਾ ਕਿ ਉਹਦਾ ਕੋਈ ਸਮਾਜਿਕ ਰੁਤਬਾ ਹੈ, ਜਿਸ ਨੂੰ ਰਮਾਨੀ ਦੇ ਇਨ੍ਹਾਂ ਦੋਸ਼ਾਂ ਕਰਕੇ ਸੱਟ ਵੱਜੀ ਹੈ। ਕੋਰਟ ਨੇ ਕਿਹਾ ਕਿ ‘ਸਮਾਜਿਕ ਜਾਂ ਉੱਚ ਰੁਤਬੇ’ ਵਾਲਾ ਵਿਅਕਤੀ ਵੀ ਜਿਨਸੀ ਦੁਰਾਚਾਰ ਕਰ ਸਕਦਾ ਹੈ। ਜੱਜ ਨੇ ਅਕਬਰ ਵੱਲੋਂ ਦਾਇਰ ਸ਼ਿਕਾਇਤ ਨੂੰ ਇਹ ਕਹਿੰਦਿਆਂ ਖਾਰਜ ਕਰ ਦਿੱਤਾ ਕਿ ਰਮਾਨੀ ਖ਼ਿਲਾਫ਼ ਲਾਏ ਦੋਸ਼ ਸਾਬਤ ਨਹੀਂ ਹੁੰਦੇ। ਕੋਰਟ ਨੇ ਕਿਹਾ ਕਿ ਇਹ ਬੜਾ ਸ਼ਰਮਨਾਕ ਹੈ ਕਿ ਅਜਿਹੇ ਮੁਲਕ, ਜਿੱਥੇ ਔਰਤਾਂ ਦੇ ਸਤਿਕਾਰ ਨੂੰ ਲੈ ਕੇ ਮਹਾਭਾਰਤ ਤੇ ਰਮਾਇਣ ਜਿਹੇ ਮਹਾਕਾਵਿ ਲਿਖੇ ਗਏ, ਵਿੱਚ ਔਰਤਾਂ ਖ਼ਿਲਾਫ਼ ਅਪਰਾਧ ਵਧ ਰਹੇ ਹਨ। ਕੋਰਟ ਨੇ ਕੰਮ ਵਾਲੀਆਂ ਥਾਵਾਂ ’ਤੇ ਔਰਤਾਂ ਨਾਲ ਹੁੰਦੇ ਵਿਵਸਥਿਤ ਦੁਰਾਚਾਰ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਸਮਾਂ ਆ ਗਿਆ ਹੈ ਜਦੋਂ ਸਮਾਜ ਨੂੰ ਜਿਨਸੀ ਦੁਰਾਚਾਰ ਦੀਆਂ ਉਲਝਣਾਂ ਬਾਰੇ ਸਮਝ ਲੈਣਾ ਚਾਹੀਦਾ ਹੈ।
ਚੇਤੇ ਰਹੇ ਕਿ ਰਮਾਨੀ ਨੇ ਸਾਲ 2017 ਵਿੱਚ ‘ਵੋਗ’ ਮੈਗਜ਼ੀਨ ’ਚ ਇਕ ਮਜ਼ਮੂਨ ਲਿਖਿਆ ਸੀ, ਜਿਸ ਵਿੱਚ ਉਸ ਨੇ ਆਪਣੇ ਸਾਬਕਾ ਬੌਸ ਵੱਲੋਂ ਨੌਕਰੀ ਦੀ ਇੰਟਰਵਿਊ ਦੌਰਾਨ ਕੀਤੇ ਜਿਨਸੀ ਦੁਰਾਚਾਰ ਦੇ ਸੰਤਾਪ ਨੂੰ ਬਿਆਨ ਕੀਤਾ ਸੀ। ਇਕ ਸਾਲ ਮਗਰੋਂ ਭਾਰਤ ਵਿੱਚ #ਮੀਟੂ ਮੁਹਿੰਮ ਦੇ ਜ਼ੋਰ ਫੜ੍ਹਨ ਮਗਰੋਂ ਰਮਾਨੀ ਨੇ ਖੁਲਾਸਾ ਕੀਤਾ ਸੀ ਕਿ ਜਿਨਸੀ ਦੁਰਾਚਾਰ ਕਰਨ ਵਾਲੇ ਜਿਸ ਸ਼ਖ਼ਸ ਦਾ ਮਜ਼ਮੂਨ ਵਿੱਚ ਜ਼ਿਕਰ ਹੈ, ਉਹ ਹੋਰ ਕੋਈ ਨਹੀਂ ਬਲਕਿ ਐੱਮ.ਜੇ.ਅਕਬਰ ਸੀ। ਇਸ ਮਗਰੋਂ ਅਕਬਰ, ਜੋ ਉਸ ਵੇਲੇ ਕੇਂਦਰ ਸਰਕਾਰ ’ਚ ਮੰਤਰੀ ਸਨ, ਨੂੰ ਵਧਦੇ ਦਬਾਅ ਕਰਕੇ ਅਸਤੀਫਾ ਦੇਣਾ ਪਿਆ ਸੀ। ਅਕਬਰ ਨੇ ਮਗਰੋਂ ਰਮਾਨੀ ਖ਼ਿਲਾਫ਼ 15 ਅਕਤੂਬਰ 2018 ਨੂੰ ਫੌਜਦਾਰੀ ਮਾਣਹਾਨੀ ਦਾ ਕੇਸ ਦਰਜ ਕੀਤਾ ਸੀ। ਅਕਬਰ ਨੇ ਦੋਸ਼ ਲਾਇਆ ਸੀ ਕਿ ਰਮਾਨੀ ਨੇ ਜਿਨਸੀ ਦੁਰਾਚਾਰ ਦਾ ਦੋਸ਼ ਲਾ ਕੇ ਉਸ ਨੂੰ ਕਥਿਤ ਬਦਨਾਮ ਕੀਤਾ ਹੈ। ਅਕਬਰ ਦੇ ਕੇਸ ਦੀ ਸੁਣਵਾਈ ਦੌਰਾਨ ਕੋਰਟ ਵਿੱਚ ਦਾਅਵਾ ਕੀਤਾ ਸੀ ਕਿ ਰਮਾਨੀ ਵੱਲੋਂ ਲਾਏ ਕਾਲਪਨਿਕ ਹਨ ਤੇ ਇਸ ਨਾਲ ਉਸ ਦੇ ਉੱਚ ਰੁਤਬੇ ਨੂੰ ਵੱਡੀ ਸੱਟ ਵੱਜੀ ਹੈ। ਦਿੱਲੀ ਕੋਰਟ ਵੱਲੋਂ ਅੱਜ ਸੁਣਾਇਆ ਗਿਆ ਫੈਸਲਾ ਇਸ ਲਈ ਵੀ ਅਹਿਮ ਹੈ ਕਿਉਂਕਿ ਇਸ ਨਾਲ ਮਿਲਦੇ ਜੁਲਦੇ ਕੇਸਾਂ ’ਚ ਮਿਸਾਲ ਬਣੇਗਾ। ਇਸ ਦੌਰਾਨ ਤਾਪਸੀ ਪੰਨੂ, ਰਿਚਾ ਚੱਢਾ ਤੇ ਫਿਲਮਸਾਜ਼ ਓਨੀਰ ਸਮੇਤ ਬੌਲੀਵੁੱਡ ਦੀਆਂ ਉੱਘੀਆਂ ਹਸਤੀਆਂ ਨੇ ਪੱਤਰਕਾਰ ਪ੍ਰਿਯਾ ਰਮਾਨੀ ਨੂੰ ਸਾਬਕਾ ਕੇਂਦਰੀ ਮੰਤਰੀ ਵੱਲੋਂ ਦਾਇਰ ਫੌਜਦਾਰੀ ਮਾਣਹਾਨੀ ਕੇਸ ਵਿੱਚ ਬਰੀ ਕੀਤੇ ਜਾਣ ਦਾ ਸਵਾਗਤ ਕੀਤਾ ਹੈ।
-ਪੀਟੀਆਈ
ਔਰਤਾਂ ਤੇ ਮੀਟੂ ਮੁਹਿੰਮ ਦੀ ਜਿੱਤ: ਰਮਾਨੀ
ਨਵੀਂ ਦਿੱਲੀ: ਪੱਤਰਕਾਰ ਪ੍ਰਿਯਾ ਰਮਾਨੀ ਨੇ ਦਿੱਲੀ ਕੋਰਟ ਵੱਲੋਂ ਉਸ ਨੂੰ ਬਰੀ ਕੀਤੇ ਜਾਣ ਦੇ ਫੈਸਲੇ ਨੂੰ ‘ਔਰਤਾਂ ਤੇ ਮੀਟੂ ਮੁਹਿੰਮ ਦੀ ਜਿੱਤ’ ਕਰਾਰ ਦਿੱਤਾ ਹੈ। ਰਮਾਨੀ ਨੇ ਕਿਹਾ ਕਿ ਉਸ ਨੂੰ ਵੱਡੀ ਖ਼ੁਸ਼ੀ ਹੈ ਕਿ ਕੋਰਟ ਨੇ ਸੱਚ ਦੀ ਤਸਦੀਕ ਕੀਤੀ ਹੈ। ਫੈਸਲਾ ਆਉਣ ਮਗਰੋਂ ਰਮਾਨੀ ਨੇ ਕਿਹਾ, ‘ਇਕ ਜ਼ੋਰਾਵਰ ਆਦਮੀ ਵੱਲੋਂ ਤੁਹਾਨੂੰ ਕੋਰਟ ’ਚ ਘੜੀਸਣ ਮਗਰੋਂ ਵੱਡੀ ਚਿੰਤਾ, ਦਬਾਅ ਤੇ ਇਕ ਖ਼ੌਫ਼ ਜਿਹਾ ਸੀ। ਮੇਰਾ ਮਾਣ ਸਨਮਾਨ ਉਸ (ਅਕਬਰ) ਨਾਲੋਂ ਕਿਤੇ ਚੰਗੇਰਾ ਹੈ।’