ਨਵੀਂ ਦਿੱਲੀ, 7 ਦਸੰਬਰ
ਪੱਤਰਕਾਰ ਤੇ ਲੇਖਕ ਰਾਜ ਕਮਲ ਝਾਅ ਨੇ ਆਪਣੇ ਨਾਵਲ ‘ਦਿ ਸਿਟੀ ਐਂਡ ਦਿ ਸੀਅ’ ਲਈ ਤੀਜਾ ਰਾਬਿੰਦਰਨਾਥ ਟੈਗੋਰ ਸਾਹਿਤ ਪੁਰਸਕਾਰ ਜਿੱਤ ਲਿਆ ਹੈ। ਇਹ ਐਲਾਨ ਪ੍ਰਬੰਧਕ ਤੇ ਪ੍ਰਕਾਸ਼ਕ ਪੀਟਰ ਬੁੰਡਾਲੋ ਨੇ ਅੱਜ ਕੀਤਾ। ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਪੰਜ ਹਜ਼ਾਰ ਅਮਰੀਕੀ ਡਾਲਰ ਦੇ ਜੇਤੂ ਦਾ ਐਲਾਨ ਕੋਪਨਹੈਗਨ ਡੈਨਮਾਰਕ ਵਿੱਚ ਆਨਲਾਈਨ ਕੀਤਾ ਗਿਆ। ਝਾਅ ਦਾ ਉਪਰੋਕਤ ਨਾਵਲ ਦਸੰਬਰ 2012 ਨਿਰਭਯਾ ਜਬਰ-ਜਨਾਹ ਤੇ ਕਤਲ ਕੇਸ ’ਤੇ ਅਧਾਰਿਤ ਹੈ। ਪੁਰਸਕਾਰ ਲਈ ਦਸ ਕਿਤਾਬਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਸੀ, ਜਿਨ੍ਹਾਂ ਵਿੱਚ ਅਮਿਤਾਵ ਘੋਸ਼ ਦੀ ‘ਗੰਨ ਆਈਲੈਂਡ’, ਨਿਰਮਲਾ ਗੋਵਿੰਦਾਰਾਜਨ ਦੀ ‘ਟੈਬੂ’ ਤੇ ਰਣਜੀਤ ਹੋਸਕੋਟੇ ਦਾ ‘ਜੋਨਾਹਵ੍ਹੇਲ’ ਸ਼ਾਮਲ ਸਨ। ਅਮਰੀਕਾ ਆਧਾਰਿਤ ਪ੍ਰਕਾਸ਼ਕ ਬੁੰਡਾਲੋ ਨੇ ਰਾਬਿੰਦਰਨਾਥ ਟੈਗੋਰ ਸਾਹਿਤ ਪੁਰਸਕਾਰ ਦੀ ਸ਼ੁਰੂਆਤ ਸਾਲ 2018 ਵਿੱਚ ਆਲਮੀ ਸ਼ਾਂਤੀ, ਸਾਹਿਤ, ਕਲਾ, ਸਿੱਖਿਆ ਤੇ ਮਨੁੱਖੀ ਹੱਕਾਂ ਨੂੰ ਇਕ ਮੰਚ ਦੇਣ ਦੇ ਇਰਾਦੇ ਨਾਲ ਕੀਤੀ ਸੀ। ਪਿਛਲੇ ਸਾਲ ਇਹ ਪੁਰਸਕਾਰ ਬਰਤਾਨਵੀ ਭਾਰਤੀ ਨਾਵਲਕਾਰ ਰਾਣਾ ਦਾਸਗੁਪਤਾ ਨੂੰ ਉਨ੍ਹਾਂ ਦੇ ਨਾਵਲ ‘ਸੋਲੋ’ ਲਈ ਦਿੱਤਾ ਗਿਆ ਸੀ। ਸਮਾਜਿਕ ਪ੍ਰਾਪਤੀਆਂ 2020 ਲਈ ਰਾਬਿੰਦਰਨਾਥ ਟਗੈਰੋ ਸਾਹਿਤ ਪੁਰਸਕਾਰ ਓਮਾਨ ਦੇ ਮਰਹੂਮ ਸੁਲਤਾਨ ਕਾਬੂਸ ਬਿਨ ਸੈਦ ਅਲ ਸੈਦ ਤੇ ਉੱਘੇ ਭਾਰਤੀ ਕੋਰੀਓਗ੍ਰਾਫ਼ਰ ਸੰਦੀਪ ਸੋਪਾਰਕਰ ਨੂੰ ਉਨ੍ਹਾਂ ਦੀ ਪਹਿਲਕਦਮੀ ‘ਡਾਂਸ ਫਾਰ ਏ ਕੌਜ਼’ ਜ਼ਰੀਏ ਸਮਾਜ ਦੀ ਭਲਾਈ ’ਚ ਪਾਏ ਯੋਗਦਾਨ ਲਈ ਦਿੱਤਾ ਗਿਆ ਹੈ। -ਪੀਟੀਆਈ