ਮੁੰਬਈ: ਬੰਬੇ ਹਾਈ ਕੋਰਟ ਨੇ ਉੱਤਰ ਪ੍ਰਦੇਸ਼ ਪੁਲੀਸ ਵੱਲੋਂ ਪੱਤਰਕਾਰ ਰਾਣਾ ਅਯੂਬ ਖ਼ਿਲਾਫ਼ ਦਰਜ ਐੱਫਆਈਆਰ ਦੇ ਸਬੰਧ ’ਚ ਚਾਰ ਹਫ਼ਤਿਆਂ ਦੀ ਟ੍ਰਾਂਜ਼ਿਟ ਪੇਸ਼ਗੀ ਜ਼ਮਾਨਤ ਦੇ ਦਿੱਤੀ ਹੈ। ਰਾਣਾ ਅਯੂਬ ’ਤੇ ਬਜ਼ੁਰਗ ਮੁਸਲਿਮ ਵਿਅਕਤੀ ਦਾ ਵੀਡੀਓ ਨਸ਼ਰ ਕਰਨ ਦਾ ਦੋਸ਼ ਲੱਗਾ ਹੈ ਅਤੇ ਦਾਅਵਾ ਕੀਤਾ ਸੀ ਕਿ ਉਸ ਦੀ ਕੁੱਟਮਾਰ ਕਰਕੇ ‘ਜੈ ਸ੍ਰੀ ਰਾਮ’ ਦੇ ਨਾਅਰੇ ਲਾਉਣ ਲਈ ਮਜਬੂਰ ਕੀਤਾ ਗਿਆ ਸੀ। ਗਾਜ਼ੀਆਬਾਦ ਦੇ ਲੋਨੀ ਬਾਰਡਰ ਪੁਲੀਸ ਸਟੇਸ਼ਨ ’ਚ ਦਰਜ ਐੱਫਆਈਆਰ ’ਚ ਦਾਅਵਾ ਕੀਤਾ ਗਿਆ ਹੈ ਕਿ ਵੀਡੀਓ ਰਾਹੀਂ ਫਿਰਕੂ ਨਫ਼ਰਤ ਫੈਲਾਉਣ ਦੀ ਕੋਸ਼ਿਸ ਕੀਤੀ ਗਈ ਸੀ। ਅਯੂਬ ਦੇ ਵਕੀਲ ਮਿਹਿਰ ਦੇਸਾਈ ਨੇ ਜਸਟਿਸ ਪੀ ਡੀ ਨਾਇਕ ’ਤੇ ਆਧਾਰਿਤ ਸਿੰਗਲ ਬੈਂਚ ਨੂੰ ਦੱਸਿਆ ਕਿ ਉਨ੍ਹਾਂ ਦੀ ਮੁਵੱਕਿਲ ਪੱਤਰਕਾਰ ਹੈ ਜਿਸ ਨੇ ਆਪਣੇ ਟਵਿੱਟਰ ਹੈਂਡਲ ’ਤੇ ਵੀਡੀਓ ਪਾਇਆ ਸੀ। ਦੇਸਾਈ ਨੇ ਕਿਹਾ ਕਿ 16 ਜੂਨ ਨੂੰ ਜਦੋਂ ਰਾਣਾ ਅਯੂਬ ਨੂੰ ਵੀਡੀਓ ਦੀ ਸਚਾਈ ਦਾ ਪਤਾ ਲੱਗਾ ਤਾਂ ਉਸ ਨੂੰ ਉਨ੍ਹਾਂ ਹਟਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਅਯੂਬ ਖ਼ਿਲਾਫ਼ ਦਰਜ ਕੇਸ ਤਹਿਤ ਉਸ ਨੂੰ ਤਿੰਨ ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ। ਇਸ ਕਾਰਨ ਉਸ ਨੂੰ ਰਾਹਤ ਲਈ ਉੱਤਰ ਪ੍ਰਦੇਸ਼ ਦੀ ਸਬੰਧਤ ਅਦਾਲਤ ’ਚ ਪਹੁੰਚ ਵਾਸਤੇ ਸਮਾਂ ਦਿੱਤਾ ਜਾਵੇ। ਜਸਟਿਸ ਨਾਇਕ ਨੇ ਕਿਹਾ ਕਿ ਕੇਸ ਦੇ ਅਸਲ ਤੱਥਾਂ ਨੂੰ ਦੇਖਦਿਆਂ ਅਯੂਬ ਨੂੰ ਯੂਪੀ ਦੀ ਸਬੰਧਤ ਅਦਾਲਤ ਕੋਲ ਪਹੁੰਚ ਕਰਨ ਲਈ ਚਾਰ ਹਫ਼ਤਿਆਂ ਦੀ ਆਰਜ਼ੀ ਜ਼ਮਾਨਤ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਰਾਣਾ ਅਯੂਬ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਤਾਂ ਉਸ ਨੂੰ 25 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ ’ਤੇ ਰਿਹਾਅ ਕੀਤਾ ਜਾਵੇ। ਐੱਫਆਈਆਰ ’ਚ ਟਵਿੱਟਰ ਇੰਕ., ਟਵਿੱਟਰ ਕਮਿਊਨਿਕੇਸ਼ਨਜ਼ ਇੰਡੀਆ, ਦਿ ਵਾਇਰ, ਪੱਤਰਕਾਰ ਮੁਹੰਮਦ ਜ਼ੁਬੈਰ, ਕਾਂਗਰਸ ਆਗੂਆਂ ਸ਼ਮਾ ਮੁਹੰਮਦ, ਸਲਮਾਨ ਨਿਜ਼ਾਮੀ, ਮਸ਼ਕੂਰ ਉਸਮਾਨੀ ਅਤੇ ਲੇਖਿਕਾ ਸਬਾ ਨਕਵੀ ਦੇ ਨਾਮ ਵੀ ਸ਼ਾਮਲ ਹਨ। -ਪੀਟੀਆਈ