ਲਖਨਊ, 13 ਸਤੰਬਰ
ਕੇਰਲਾ ਆਧਾਰਿਤ ਪੱਤਰਕਾਰ ਸਿੱਦੀਕ ਕੱਪਨ, ਜਿਸ ਨੂੰ ਸੁਪਰੀਮ ਕੋਰਟ ਨੇ ਪਿਛਲੇ ਦਿਨੀਂ ਜ਼ਮਾਨਤ ਦਿੱਤੀ ਸੀ, ਅਜੇ ਇਥੇ ਜੇਲ੍ਹ ਵਿੱਚ ਹੀ ਰਹੇਗਾ। ਜੇਲ੍ਹ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਕੱਪਨ ਖਿਲਾਫ਼ ਦਰਜ ਇਕ ਦੂਜੇ ਕੇਸ ਵਿੱਚ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਜਾਂਚ ਬਕਾਇਆ ਹੈ। ਕੱਪਨ ਅਕਤੂਬਰ 2020 ਤੋਂ ਜੇਲ੍ਹ ਵਿੱਚ ਹੈ। ਯੂਪੀ ਪੁਲੀਸ ਨੇ ਉਸ ਨੂੰ ਹਾਥਰਸ, ਜਿੱਥੇ ਇਕ ਦਲਿਤ ਮਹਿਲਾ ਦੀ ਕਥਿਤ ਜਬਰ-ਜਨਾਹ ਮਗਰੋਂ ਮੌਤ ਹੋ ਗਈ ਸੀ, ਜਾਂਦਿਆਂ ਰਸਤੇ ਵਿੱਚ ਗ੍ਰਿਫ਼ਤਾਰ ਕਰ ਲਿਆ ਸੀ। ਸਿਖਰਲੀ ਕੋਰਟ ਵੱਲੋਂ ਸ਼ਰਤਾਂ ਤਹਿਤ ਜ਼ਮਾਨਤ ਮਨਜ਼ੂਰ ਕੀਤੇ ਜਾਣ ਮਗਰੋਂ ਸਥਾਨਕ ਕੋਰਟ ਨੇ ਲੰਘੇ ਦਿਨ ਕੱਪਨ ਦੀ ਜੇਲ੍ਹ ’ਚੋਂ ਰਿਹਾਈ ਸਬੰਧੀ ਹੁਕਮ ਜਾਰੀ ਕਰ ਦਿੱਤੇ ਸਨ। ਡੀਜੀ ਜੇਲ੍ਹ ਪੀਆਰਓ ਸੰਤੋਸ਼ ਵਰਮਾ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਕੱਪਨ ਅਜੇ ਜੇਲ੍ਹ ਵਿੱਚ ਹੀ ਰਹੇਗਾ, ਕਿਉਂਕਿ ਈਡੀ ਵੱਲੋਂ ਤਫ਼ਤੀਸ਼ ਕੀਤਾ ਜਾ ਰਿਹਾ ਕੇਸ ਅਜੇ ਬਕਾਇਆ ਹੈ।’’ ਵਧੀਕ ਸੈਸ਼ਨ ਜੱਜ ਅਨੁਰੋਧ ਮਿਸ਼ਰਾ ਨੇ ਕੱਪਨ ਦੀ ਰਿਹਾਈ ਦੇ ਹੁਕਮ ਜਾਰੀ ਕਰਦਿਆਂ ਉਸ ਨੂੰ 1-1 ਲੱਖ ਰੁਪਏ ਦੀਆਂ ਦੋ ਜਾਮਨੀਆਂ ਤੇ ਇੰਨੀ ਹੀ ਰਕਮ ਦਾ ਨਿੱਜੀ ਮੁਚੱਲਕਾ ਭਰਨ ਲਈ ਕਿਹਾ ਸੀ। ਇਸ ਦੇ ਨਾਲ ਜੱਜ ਨੇ ਪੱਤਰਕਾਰ ਤੋਂ ਹਲਫ਼ਨਾਮਾ ਵੀ ਮੰਗਿਆ ਕਿ ਉਹ ਸਿਖਰਲੀ ਕੋਰਟ ਵੱਲੋਂ ਲਾਈਆਂ ਸ਼ਰਤਾਂ ਦੀ ਉਲੰਘਣਾ ਨਹੀਂ ਕਰੇਗਾ। ਉੱਤਰ ਪ੍ਰਦੇਸ਼ ਪੁਲੀਸ ਨੇ ਕੱਪਨ ਤੇ ਤਿੰਨ ਹੋਰਨਾਂ- ਅਤੀਕੁਰ ਰਹਿਮਾਨ, ਆਲਮ ਤੇ ਮਸੂਦ ਨੂੰ ਪੌਪੂਲਰ ਫਰੰਟ ਆਫ਼ ਇੰਡੀਆ (ਪੀਐੱਫਆਈ) ਨਾਲ ਕਥਿਤ ਸਬੰਧਾਂ ਤੇ ਹਿੰਸਾ ਭੜਕਾਉਣ ਦੀ ਸਾਜ਼ਿਸ਼ ਵਿਚ ਸ਼ਾਮਲ ਹੋਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ। ਕੱਪਨ ਖਿਲਾਫ਼ ਆਈਪੀਸੀ, ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ (ਯੂਏਪੀਏ) ਤੇ ਸੂਚਨਾ ਤਕਨਾਲੋਜੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। -ਪੀਟੀਆਈ