ਗਾਜ਼ੀਆਬਾਦ (ਊੱਤਰ ਪ੍ਰਦੇਸ਼), 22 ਜੁਲਾਈ
ਗਾਜ਼ੀਆਬਾਦ ਤੋਂ ਹਿੰਦੀ ਅਖਬਾਰ ਦਾ ਪੱਤਰਕਾਰ ਵਿਕਰਮ ਜੋਸ਼ੀ, ਜਿਸ ਦੇ ਸਿਰ ਵਿੱਚ ਦੋ ਦਿਨ ਪਹਿਲਾਂ ਕੁਝ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ ਸੀ, ਅੱਜ ਇਲਾਜ ਦੌਰਾਨ ਦਮ ਤੋੜ ਗਿਆ।
ਅਧਿਕਾਰੀਆਂ ਅਨੁਸਾਰ ਬੀਤੀ 16 ਜੁਲਾਈ ਨੂੰ ਆਪਣੀ ਭਤੀਜੀ ਦੇ ਸ਼ੋਸ਼ਣ ਵਿਰੁਧ ਸ਼ਿਕਾਇਤ ਕਰਨ ਵਾਲੇ ਜੋਸ਼ੀ ’ਤੇ ਸੋਮਵਾਰ ਦੇਰ ਰਾਤ 10.30 ਵਜੇ ਹਮਲਾ ਕੀਤਾ ਗਿਆ ਸੀ। ਊਹ ਆਪਣੀਆਂ ਦੋ ਧੀਆਂ ਸਮੇਤ ਆਪਣੇ ਦੋਪਹੀਆ ਵਾਹਨ ’ਤੇ ਵਾਪਸ ਆਪਣੇ ਘਰ ਜਾ ਰਿਹਾ ਸੀ। ਪੱਤਰਕਾਰ ਜੋਸ਼ੀ (35) ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਅੱਜ ਸਵਰੇ ਊਹ ਦਮ ਤੋੜ ਗਿਆ। ਊਹ ਆਪਣੇ ਪਿੱਛੇ ਪਤਨੀ, ਦੋ ਧੀਆਂ ਅਤੇ ਮਾਂ ਛੱਡ ਗਿਆ ਹੈ। ਲਖਨਊ ਤੋਂ ਸਰਕਾਰੀ ਤਰਜਮਾਨ ਨੇ ਦੱਸਿਆ ਕਿ ਊੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਜੋਸ਼ੀ ਦੇ ਪਰਿਵਾਰ ਲਈ 10 ਲੱਖ ਰੁਪਏ ਦੀ ਵਿੱਤੀ ਸਹਾਇਤਾ, ਊਸ ਦੀ ਪਤਨੀ ਲਈ ਨੌਕਰੀ ਅਤੇ ਬੱਚਿਆਂ ਲਈ ਮੁਫ਼ਤ ਸਿੱਖਿਆ ਦਾ ਐਲਾਨ ਕੀਤਾ ਹੈ।
ਐੱਸਐੱਸਪੀ ਕਲਾਨਿਧੀ ਨੈਥਾਨੀ ਨੇ ਦੱਸਿਆ ਕਿ ਮੰਗਲਵਾਰ ਨੂੰ ਨੌਂ ਹਮਲਾਵਰਾਂ ਨੂੰ ਕਾਬੂ ਕਰ ਲਿਆ ਗਿਆ ਅਤੇ ਪ੍ਰਤਾਪ ਵਿਹਾਰ ਪੁਲੀਸ ਇੰਚਾਰਜ ਰਾਘਵੇੇਂਦਰ ਸਿੰਘ ਨੂੰ ਡਿਊਟੀ ਵਿੱਚ ਕੋਤਾਹੀ ਦੇ ਦੋਸ਼ ਹੇਠ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਕਿਉਂਕਿ ਊਸ ਨੇ ਜੋਸ਼ੀ ਵਲੋਂ 16 ਜੁਲਾਈ ਨੂੰ ਸ਼ੋਸ਼ਣ ਸਬੰਧੀ ਦਰਜ ਕਰਵਾਈ ਸ਼ਿਕਾਇਤ ’ਤੇ ਕਾਰਵਾਈ ਨਹੀਂ ਕੀਤੀ। ਪੁਲੀਸ ਨੇ ਜੋਸ਼ੀ ਦੇ ਭਰਾ ਅਨੀਕੇਤ ਜੋਸ਼ੀ ਦੀ ਸ਼ਿਕਾਇਤ ਦੇ ਆਧਾਰ ’ਤੇ ਐੱਫਆਈਆਰ ਦਰਜ ਕੀਤੀ ਹੈ, ਜਿਸ ਨੇ ਇਹ ਵੀ ਦੋਸ਼ ਲਾਏ ਹਨ ਕਿ ਊਸ ਦੇ ਪੱਤਰਕਾਰ ਭਰਾ ਨੂੰ ਮੁਲਜ਼ਮ ਵਿਅਕਤੀਆਂ ਵਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ। ਐੱਫਆਈਆਰ ਵਿੱਚ ਤਿੰਨ ਸ਼ੱਕੀਆਂ ਰਵੀ, ਸ਼ਾਹਨੂਰ ਊਰਫ਼ ਛੋਟੂ ਅਤੇ ਆਕਾਸ਼ ਨੂੰ ਨਾਮਜ਼ਦ ਕੀਤਾ ਗਿਆ ਹੈ ਜਦਕਿ ਕਈ ਹੋਰ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਜੋਸ਼ੀ ਨੂੰ ਗੋਲੀ ਮਾਰਨ ਵਾਲੇ ਦੀ ਪਛਾਣ ਸ਼ਾਹਨੂਰ ਊਰਫ਼ ਛੋਟੂ ਵਜੋਂ ਕੀਤੀ ਹੈ। ਪੁਲੀਸ ਅਨੁਸਾਰ ਰਵੀ, ਆਕਾਸ਼ ਅਤੇ ਸ਼ਾਹਨੂਰ ਸੱਟੇਬਾਜ਼ ਹਨ ਅਤੇ ਮਾਤਾ ਕਾਲੋਨੀ ਖੇਤਰ ਵਿੱਚ ਕੰਮ ਕਰਦੇ ਸਨ। ਜੋਸ਼ੀ ਨੇ 16 ਜੁਲਾਈ ਨੂੰ ਇਸ ਗੈਰਕਾਨੂੰਨੀ ਧੰਦੇ ’ਤੇ ਇਤਰਾਜ਼ ਕੀਤਾ, ਜਿਸ ਮਗਰੋਂ ਊਸ ਦੀ ਮੁਲਜ਼ਮਾਂ ਨਾਲ ਬਹਿਸ ਮਗਰੋਂ ਝੜਪ ਹੋਈ। ਇਸ ਝੜਪ ਵਿੱਚ ਰਵੀ ਦੇ ਸੱਟਾਂ ਲੱਗੀਆਂ ਅਤੇ ਊਸੇ ਦਿਨ ਤੋਂ ਇਹ ਜੋਸ਼ੀ ਤੋਂ ਬਦਲਾ ਲੈਣ ਦੀ ਯੋਜਨਾ ਘੜ ਰਹੇ ਸਨ। ਸੋਸ਼ਲ ਮੀਡੀਆ ’ਤੇ ਚੱਲ ਰਹੀ ਘਟਨਾ ਦੀ ਸੀਸੀਟੀਵੀ ਫੁਟੇਜ ਵਿੱਚ ਜੋਸ਼ੀ ਦਾ ਵਾਹਨ ਡਗਮਗਾ ਕੇ ਡਿੱਗਦਾ ਹੈ ਅਤੇ ਹਥਿਆਰਬੰਦ ਵਿਅਕਤੀ ਊਸ ’ਤੇ ਹਮਲਾ ਕਰ ਦਿੰਦੇ ਹਨ। ਊਸ ਦੀਆਂ ਦੋਵੇਂ ਧੀਆਂ ਭੱਜ ਕੇ ਕੁਝ ਦੂਰੀ ’ਤੇ ਚਲੀਆਂ ਜਾਂਦੀਆਂ ਹਨ ਤਾਂ ਕੁਝ ਵਿਅਕਤੀ ਜੋਸ਼ੀ ਦੀ ਕੁੱਟਮਾਰ ਕਰਨ ਲੱਗਦੇ ਹਨ, ਅਚਾਨਕ ਇੱਕ ਵਿਅਕਤੀ ਗੋਲੀ ਚਲਾ ਦਿੰਦਾ ਹੈ ਅਤੇ ਜੋਸ਼ੀ ਹੇਠਾਂ ਡਿੱਗੀ ਜਾਂਦਾ ਹੈ। ਮੁਲਜ਼ਮ ਫ਼ਰਾਰ ਹੋ ਜਾਂਦੇ ਹਨ ਤਾਂ ਜੋਸ਼ੀ ਦੀ ਵੱਡੀ ਧੀ ਭੱਜ ਕੇ ਆਉਂਦੀ ਹੈ ਅਤੇ ਊਸ ਕੋਲ ਸੜਕ ਵਿਚਾਲੇ ਬੈਠ ਕੇ ਮੱਦਦ ਮੰਗਦੀ ਹੈ। -ਪੀਟੀਆਈ