ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਮੁੰਬਈ ਆਧਾਰਿਤ ਪੱਤਰਕਾਰ ਨੂੰ ਜਬਰ-ਜਨਾਹ ਕੇਸ ’ਚ ਦਿੱਲੀ ਹਾਈ ਕੋਰਟ ਤੋਂ ਮਿਲੀ ਪੇਸ਼ਗੀ ਜ਼ਮਾਨਤ ਖ਼ਿਲਾਫ਼ 22 ਵਰ੍ਹਿਆਂ ਦੀ ਮੁਟਿਆਰ ਵੱਲੋਂ ਪਾਈ ਗਈ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ। ਜਸਟਿਸ ਨਵੀਨ ਸਿਨਹਾ ਅਤੇ ਅਜੈ ਰਸਤੋਗੀ ਦੇ ਵੈਕੇਸ਼ਨ ਬੈਂਚ ਨੇ ਸ਼ਿਕਾਇਤਕਰਤਾ ਦੀ ਅਰਜ਼ੀ ਨੂੰ ਰੱਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਟੀਸ਼ਨ ’ਚ ਦਖ਼ਲ ਦੇਣ ਦਾ ਕੋਈ ਆਧਾਰ ਨਜ਼ਰ ਨਹੀਂ ਆਉਂਦਾ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਪੱਤਰਕਾਰ ਨੇ 20 ਫਰਵਰੀ ਨੂੰ ਪੰਚਾਰੀਪੁਰੀ ਦੇ ਹੋਟਲ ’ਚ ਜਬਰ-ਜਨਾਹ ਕੀਤਾ ਸੀ। ਬੈਂਚ ਨੇ ਸੁਣਵਾਈ ਦੌਰਾਨ ਕਿਹਾ,‘‘ਸਵਾਲ ਇਨਸਾਨ ਦੇ ਆਮ ਵਿਵਹਾਰ ਦਾ ਹੈ। ਜੇਕਰ ਕੋਈ ਮਰਦ ਅਤੇ ਮਹਿਲਾ ਇਕ ਕਮਰੇ ’ਚ ਹਨ ਅਤੇ ਮਰਦ ਕੋਈ ਬੇਨਤੀ ਕਰਦਾ ਹੈ ਅਤੇ ਔਰਤ ਉਸ ਨੂੰ ਮੰਨ ਲੈਂਦੀ ਹੈ ਤਾਂ ਕੀ ਸਾਨੂੰ ਹੋਰ ਕੁਝ ਆਖਣ ਦੀ ਲੋੜ ਹੈ? ਅਸੀਂ ਜੋ ਵੀ ਆਖ ਰਹੇ ਹਾਂ ਉਹ ਸਿਰਫ਼ ਪੇਸ਼ਗੀ ਜ਼ਮਾਨਤ ਰੱਦ ਕਰਨ ਦੇ ਉਦੇਸ਼ ਤੱਕ ਸੀਮਤ ਹੈ ਅਤੇ ਅਸੀਂ ਸਹਿਮਤੀ ਦਾ ਵਿਆਪਕ ਸਵਾਲ ਨਹੀਂ ਉਠਾ ਰਹੇ ਹਾਂ।’’ ਵਕੀਲ ਨੇ ਕਿਹਾ ਕਿ ਉਸ ਦੀ ਮੁਵੱਕਿਲ ਨੇ ਕਈ ਵਾਰ ਨਾ ਆਖਿਆ ਸੀ ਪਰ ਮੁਲਜ਼ਮ ਨੇ ਉਸ ਨਾਲ ਜਬਰਦਸਤੀ ਕੀਤੀ। -ਪੀਟੀਆਈ