ਨਵੀਂ ਦਿੱਲੀ, 15 ਜੂਨ
ਪ੍ਰੈੱਸ ਕੌਂਸਲ ਆਫ ਇੰਡੀਆ (ਪੀਸੀਆਈ) ਨੇ ਹਾਲ ਹੀ ਵਿੱਚ ਸ਼ਰਾਬ ਮਾਫ਼ੀਆ ਬਾਰੇ ਕਵਰੇਜ ਕਰਨ ਵਾਲੇ ਟੀਵੀ ਪੱਤਰਕਾਰ ਦੀ ਮੌਤ ਬਾਰੇ ਉੱਤਰ ਪ੍ਰਦੇਸ਼ ਸਰਕਾਰ ਤੇ ਪੁਲੀਸ ਕੋਲੋਂ ਰਿਪੋਰਟ ਮੰਗੀ ਹੈ। ਉੱਤਰ ਪ੍ਰਦੇਸ਼ ਪੁਲੀਸ ਅਨੁਸਾਰ, ਪੱਤਰਕਾਰ ਸੁਲਭ ਸ੍ਰੀਵਾਸਤਵ ਦੀ ਮੌਤ ਸੜਕ ਹਾਦਸੇ ਵਿੱਚ ਹੋਈ ਹੈ ਜਦਕਿ ਵਿਰੋਧੀ ਪਾਰਟੀਆਂ ਤੇ ਐਡੀਟਰਜ਼ ਗਿਲਡ ਆਫ ਇੰਡੀਆ (ਈਜੀਆਈ) ਨੇ ਪੁਲੀਸ ਦੇ ਇਸ ਦਾਅਵੇ ’ਤੇ ਸਵਾਲ ਚੁੱਕੇ ਹਨ। ਪ੍ਰੈੱਸ ਕੌਂਸਲ ਨੇ ਅੱਜ ਕਿਹਾ, ‘ਪੱਤਰਕਾਰ ਸੁਲਭ ਸ੍ਰੀਵਾਸਤਵ ਦੀ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਵਿੱਚ ਹੋਈ ਮੌਤ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪ੍ਰੈੱਸ ਕੌਂਸਲ ਆਫ਼ ਇੰਡੀਆ ਦੇ ਚੇਅਰਮੈਨ ਜਸਟਿਸ ਚੰਦਰਮੌਲੀ ਕੁਮਾਰ ਪ੍ਰਸਾਦ ਨੇ ਮਾਮਲੇ ਦਾ ਖ਼ੁਦ ਨੋਟਿਸ ਲਿਆ ਹੈ।’ ਪਰਿਸ਼ਦ ਨੇ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ, ਸੂਬੇ ਦੇ ਡੀਜੀਪੀ ਤੇ ਪ੍ਰਤਾਪਗੜ੍ਹ ਦੇ ਐੱਸਪੀ ਨੂੰ ਮਾਮਲੇ ਵਿੱਚ ਤੱਥਾਂ ਦੇ ਆਧਾਰ ’ਤੇ ਰਿਪੋਰਟ ਭੇਜਣ ਲਈ ਕਿਹਾ ਗਿਆ ਹੈ। -ਪੀਟੀਆਈ
ਪ੍ਰਿਅੰਕਾ ਗਾਂਧੀ ਨੇ ਸੀਬੀਆਈ ਤੇ ਮਾਇਆਵਤੀ ਨੇ ਨਿਰਪੱਖ ਜਾਂਚ ਮੰਗੀ
ਦਿੱਲੀ/ਲਖਨਊ: ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਅੱਜ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਪੱਤਰ ਲਿਖ ਕੇ ਪੱਤਰਕਾਰ ਸੁਲਭ ਸ੍ਰੀਵਾਸਤਵ ਦੀ ਮੌਤ ਦੀ ਸੀਬੀਆਈ ਜਾਂਚ ਮੰਗੀ ਹੈ। ਕਾਂਗਰਸ ਦੀ ਜਨਰਲ ਸਕੱਤਰ ਨੇ ਸ਼ਰਾਬ ਮਾਫ਼ੀਆ ਨਾਲ ਸਬੰਧਤ ਲੋਕਾਂ ਤੇ ਪ੍ਰਸ਼ਾਸਨ ਖ਼ਿਲਾਫ਼ ਵੀ ਕਾਰਵਾਈ ਦੀ ਮੰਗ ਕੀਤੀ ਹੈ। ਇਸੇ ਤਰ੍ਹਾਂ ਬਸਪਾ ਮੁਖੀ ਮਾਇਆਵਤੀ ਨੇ ਇਸ ਮਾਮਲੇ ਦੀ ਨਿਰਪੱਖ ਤੇ ਛੇਤੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰ ਕੇ ਇਸ ਘਟਨਾ ’ਤੇ ਦੁੱਖ ਪ੍ਰਗਟਾਇਆ ਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ। -ਪੀਟੀਆਈ