ਨਵੀਂ ਦਿੱਲੀ: ਕੇਂਦਰੀ ਪ੍ਰਸ਼ਾਸਕੀ ਟ੍ਰਿਬਿਊਨਲ (ਕੈਟ) ਦੇ ਇਕ ਜੱਜ ਨੇ ਆਈਐਫਐੱਸ ਅਧਿਕਾਰੀ ਸੰਜੀਵ ਚਤੁਰਵੇਦੀ ਵੱਲੋਂ ਦਾਇਰ ਇਕ ਅਰਜ਼ੀ ਉਤੇ ਸੁਣਵਾਈ ਤੋਂ ਖ਼ੁਦ ਨੂੰ ਵੱਖ ਕਰ ਲਿਆ ਹੈ। ਚਤੁਰਵੇਦੀ ਨੇ ਨੌਕਰਸ਼ਾਹਾਂ ਦੀਆਂ ਤਨਖਾਹਾਂ ਵਿਚ ਵਾਧੇ ਦੇ ਢਾਂਚੇ ਤੇ ਪ੍ਰਾਈਵੇਟ ਸੈਕਟਰ ਤੋਂ ਲੇਟਰਲ ਦਾਖ਼ਲੇ ਰਾਹੀਂ ਸਰਕਾਰੀ ਭਰਤੀ ਨੂੰ ਚੁਣੌਤੀ ਦਿੰਦੀ ਇਕ ਪਟੀਸ਼ਨ ਦਾਇਰ ਕੀਤੀ ਹੈ। ਅਧਿਕਾਰੀ ਚਤੁਰਵੇਦੀ ਦੇ ਵਕੀਲ ਨੇ ਜਦ ‘ਕੈਟ’ ਨੂੰ ਜਾਣੂ ਕਰਵਾਇਆ ਕਿ ਦੋ ਮੈਂਬਰੀ ਬੈਂਚ ਵਿਚ ਸ਼ਾਮਲ ਇਕ ਮੈਂਬਰ ਕਈ ਵਾਰ ਕਈ ਕੇਸਾਂ ਵਿਚ ਪਟੀਸ਼ਨਕਰਤਾ ਆਈਐਫਐੱਸ ਅਫ਼ਸਰ ਖ਼ਿਲਾਫ਼ ਸੁਣਵਾਈ ’ਚ ਸ਼ਾਮਲ ਰਹਿ ਚੁੱਕਾ ਹੈ ਤਾਂ ਜੱਜ ਆਰ.ਐੱਨ. ਸਿੰਘ ਨੇ ਖ਼ੁਦ ਨੂੰ ਸੁਣਵਾਈ ਤੋਂ ਵੱਖ ਕਰ ਲਿਆ। ਟ੍ਰਿਬਿਊਨਲ ਦੇ ਮੁਖੀ ਐਲ. ਨਰਸਿਮ੍ਹਾ ਰੈੱਡੀ ਨੇ ਚਤੁਰਵੇਦੀ ਦੀ ਪਟੀਸ਼ਨ ਉਤੇ ਸੁਣਵਾਈ ਲਈ ਦੋ ਮੈਂਬਰੀ ਬੈਂਚ ਕਾਇਮ ਕੀਤਾ ਸੀ। ਬੈਂਚ ਕਾਇਮ ਕਰਨ ਵੇਲੇ ਟ੍ਰਿਬਿਊਨਲ ਮੁਖੀ ਦੇ ਧਿਆਨ ਵਿਚ ਇਹ ਗੱਲ ਨਹੀਂ ਲਿਆਂਦੀ ਗਈ ਸੀ। ਹੁਣ ਇਸ ਮਾਮਲੇ ਨੂੰ ਮੁੜ ਚੇਅਰਮੈਨ ਕੋਲ ਲਿਆਂਦਾ ਜਾਵੇਗਾ ਤੇ ਉਹ ਇਸ ਬਾਰੇ ਢੁੱਕਵਾਂ ਫ਼ੈਸਲਾ ਲੈਣਗੇ। ਇਸ ਤੋਂ ਪਹਿਲਾਂ ਜਨਵਰੀ ਵਿਚ ‘ਕੈਟ’ ਚੇਅਰਮੈਨ ਰੈੱਡੀ ਨੇ ਖ਼ੁਦ ਨੂੰ ਕੇਸ ਦੀ ਸੁਣਵਾਈ ਤੋਂ ਵੱਖ ਕਰ ਲਿਆ ਸੀ। ਚਤੁਰਵੇਦੀ ਇਸ ਵੇਲੇ ਹਲਦਵਾਨੀ (ਉਤਰਾਖੰਡ) ਵਿਚ ਮੁੱਖ ਵਣਪਾਲ ਹਨ। 2012-16 ਦੌਰਾਨ ਕਈ ਭ੍ਰਿਸ਼ਟਾਚਾਰ ਕੇਸਾਂ ਦੀ ਜਾਂਚ ਕਰ ਕੇ ਉਹ ਕਾਫ਼ੀ ਚਰਚਾ ਵਿਚ ਰਹਿ ਚੁੱਕੇ ਹਨ। -ਪੀਟੀਆਈ