ਜੈਪੁਰ, 10 ਸਤੰਬਰ
ਜੈਪੁਰ ਦੇ ਲੜੀਵਾਰ ਬੰਬ ਧਮਾਕਿਆਂ ਦੇ ਚਾਰ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਉਣ ਵਾਲੇ ਜੱਜ ਅਜੈ ਕੁਮਾਰ ਸ਼ਰਮਾ ਨੂੰ ਜਾਨ ਦਾ ਖ਼ਤਰਾ ਹੈ। ਡੀਜੀਪੀ ਭੁਪੇਂਦਰ ਸਿੰਘ ਨੂੰ ਚਿੱਠੀ ਲਿਖ ਕੇ ਜੱਜ ਨੇ ਕਿਹਾ ਹੈ ਕਿ ਉਨ੍ਹਾਂ ਦੀ ਅਤੇ ਪਰਿਵਾਰ ਦੀ ਸੁਰੱਖਿਆ ਨੂੰ ਵਾਪਸ ਨਾ ਲੈ ਕੇ ਸਗੋਂ ਉਸ ’ਚ ਵਾਧਾ ਕੀਤਾ ਜਾਵੇੇ। ਚਿੱਠੀ ’ਚ ਜੱਜ ਨੇ ਖ਼ੁਫ਼ੀਆ ਰਿਪੋਰਟਾਂ ਦਾ ਹਵਾਲਾ ਦਿੱਤਾ ਹੈ ਅਤੇ ਕਿਹਾ ਕਿ ਦਹਿਸ਼ਤੀ ਗੁੱਟ ਉਨ੍ਹਾਂ ਅਤੇ ਪਰਿਵਾਰ ਕੋਲੋਂ ਬਦਲਾ ਲੈਣ ਲਈ ਕੋਈ ਨਾਪਾਕ ਹਰਕਤ ਕਰ ਸਕਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸ਼ਰਾਬ ਦੀਆਂ ਬੋਤਲਾਂ ਉਨ੍ਹਾਂ ’ਤੇ ਸੁੱਟੀਆਂ ਗਈਆਂ ਸਨ ਅਤੇ ਘਰ ਦੇ ਨੇੜੇ ਕੁਝ ਸ਼ੱਕੀ ਮੋਟਰਸਾਈਕਲ ਸਵਾਰ ਵੀ ਦੇਖੇ ਗਏ ਸਨ। ਸ੍ਰੀ ਸ਼ਰਮਾ ਨੇ ਜੱਜ ਨੀਲਕਾਂਤ ਗੰਜੂ ਦੇ ਕੇਸ ਦਾ ਹਵਾਲਾ ਵੀ ਦਿੱਤਾ ਜਿਨ੍ਹਾਂ 1984 ’ਚ ਅਤਿਵਾਦੀ ਮਕਬੂਲ ਬੱਟ ਨੂੰ ਮੌਤ ਦੀ ਸਜ਼ਾ ਸੁਣਾਈ ਸੀ ਅਤੇ ਬਾਅਦ ’ਚ ਜੱਜ ਨੂੰ ਅਤਿਵਾਦੀਆਂ ਨੇ 2 ਅਕਤੂਬਰ 1989 ’ਚ ਮਾਰ ਦਿੱਤਾ ਸੀ। -ਆਈਏਐਨਐਸ