ਆਸਨਸੋਲ (ਪੱਛਮੀ ਬੰਗਾਲ), 7 ਸਤੰਬਰ
ਇੱਥੋਂ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਅੱਜ ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਆਗੂ ਅਨੁਬ੍ਰਤਾ ਮੰਡਲ ਦੀ ਜ਼ਮਾਨਤ ਅਰਜ਼ੀ ਰੱਦ ਕਰਦਿਆਂ ਉਸ ਦੀ ਨਿਆਂਇਕ ਹਿਰਾਸਤ 14 ਦਿਨ ਲਈ ਹੋਰ ਵਧਾ ਦਿੱਤੀ ਹੈ। ਸੀਬੀਆਈ ਨੇ ਟੀਐੱਮਸੀ ਆਗੂ ਨੂੰ ਪਸ਼ੂ ਤਸਕਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਉਹ ਪੱਛਮੀ ਬੰਗਾਲ ਦੀ ਸੱਤਾਧਾਰੀ ਪਾਰਟੀ ਟੀਐੱਮਸੀ ਦੇ ਬੀਰਭੂਮ ਤੋਂ ਜ਼ਿਲ੍ਹਾ ਪ੍ਰਧਾਨ ਹੈ। ਟੀਐੱਮਸੀ ਆਗੂ ਦੇ ਵਕੀਲ ਨੇ ਉਸ ਦੀ ਨਾਸਾਜ਼ ਸਿਹਤ ਦਾ ਹਵਾਲਾ ਦਿੰਦਿਆਂ ਸ਼ਰਤਾਂ ਤਹਿਤ ਜ਼ਮਾਨਤ ਦੇਣ ਦੀ ਅਪੀਲ ਕੀਤੀ ਸੀ। ਸੀਬੀਆਈ ਦੇ ਵਕੀਲ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਉਹ ਇੱਕ ਪ੍ਰਭਾਵਸ਼ਾਲੀ ਵਿਅਕਤੀ ਹੈ ਅਤੇ ਰਿਹਾਅ ਹੋਣ ਮਗਰੋਂ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਕੇਂਦਰੀ ਏਜੰਸੀ ਦੀ ਅਪੀਲ ’ਤੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਅਨੁਬ੍ਰਤਾ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। ਜ਼ਿਕਰਯੋਗ ਹੈ ਕਿ ਸੀਬੀਆਈ ਨੇ ਪਸ਼ੂ ਤਸਕਰੀ ਦੇ ਮਾਮਲੇ ਵਿੱਚ ਅਨੁਬ੍ਰਤਾ ਮੰਡਲ ਨੂੰ 11 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਸੀ। -ਪੀਟੀਆਈ